ਲੰਡਨ: ਅੰਤਰਰਾਸ਼ਟਰੀ ਮੀਡੀਆ ਹਾਊਸ BBC ਦੇ ਧਾਰਮਿਕ ਪ੍ਰੋਗਰਾਮਾਂ ਵਿੱਚ ਸਿੱਖ, ਹਿੰਦੂ ਤੇ ਮੁਸਲਿਮ ਧਰਮ ਨਾਲ ਸਬੰਧਤ ਪ੍ਰੋਗਰਾਮਾਂ 'ਚ ਵਾਧਾ ਕੀਤਾ ਜਾਵੇਗਾ। ਇਹ ਜਾਣਕਾਰੀ BBC ਦੇ ਧਾਰਮਿਕ ਪ੍ਰੋਗਰਾਮਾਂ ਦੇ ਮੁਖੀ ਅਕੀਲ ਅਹਿਮਦ ਨੇ ਦਿੱਤੀ ਹੈ।
ਹਾਸਲ ਜਾਣਕਾਰੀ ਮੁਤਾਬਕ BBC ਵੱਲੋਂ ਇਹ ਫੈਸਲਾ BBC 'ਤੇ ਧਾਰਮਿਕ ਪ੍ਰੋਗਰਾਮਾਂ ਸਬੰਧੀ ਇਸਾਈ ਪੱਖੀ ਹੋਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਲਿਆ ਗਿਆ ਹੈ। ਕੁਝ ਸਮਾਂ ਪਹਿਲਾਂ BBC ਦੇ ਆਊਟਪੁਟ ਹੈੱਡ ਦਾ ਇਸਾਈ ਮਤ ਨਾਸ ਸਬੰਧਤ ਹੋਣਾ ਵੀ ਵਿਵਾਦਾਂ 'ਚ ਰਿਹਾ ਸੀ। ਅਕੀਲ ਅਹਿਮਦ ਨੇ ਦੱਸਿਆ ਕਿ BBC ਹੁਣ ਇਨ੍ਹਾਂ ਤਿੰਨਾਂ ਵਰਗਾਂ ਨਾਲ ਸਬੰਧਤ ਪ੍ਰੋਗਰਾਮ ਤਿਆਰ ਕਰਕੇ ਦਰਸ਼ਕਾਂ ਨੂੰ ਸੰਤੁਸ਼ਟ ਕਰੇਗਾ ਤੇ ਧਾਰਮਿਕ ਪੱਖੋਂ ਇੱਕਪਾਸੜ ਹੋਣ ਦੇ ਇਲਜ਼ਾਮਾਂ ਤੋਂ ਚੈਨਲ ਨੂੰ ਮੁਕਤੀ ਦਿਵਾਏਗਾ।
BBC ਡਾਇਰੈਕਟਰ ਜਨਰਲ ਲਾਰਡ ਹਾੱਲ ਤਿੰਨੇ ਧਰਮਾਂ ਦੇ ਆਗੂਆਂ ਨਾਲ ਜਲਦ ਹੀ ਮੀਟਿੰਗ ਕਰਨ ਜਾ ਰਹੇ ਹਨ ਜਿਸ ਦੌਰਾਨ ਉਹ ਇਨ੍ਹਾਂ ਧਰਮਾਂ ਦੇ ਧਾਰਮਿਕ ਪ੍ਰੋਗਰਾਮਾਂ ਸਬੰਧੀ ਸੁਝਾਅ ਲੈਣਗੇ। BBC ਨੇ ਕਿਹਾ ਕਿ ਆਸਥਾ ਹਰ ਵਿਅਕਤੀ ਤੇ ਸਮਾਜ ਦਾ ਜ਼ਰੂਰੀ ਅੰਗ ਹੈ ਤੇ ਬੀਬੀਸੀ ਕਿਸੇ ਵੀ ਹਾਲਤ ਵਿੱਚ ਆਸਥਾ ਨੂੰ ਲੈ ਕੇ ਦਰਸ਼ਕਾਂ 'ਚ ਭੇਦ ਭਾਵ ਨਹੀਂ ਕਰੇਗਾ।