ਬੀਜਿੰਗ: ਚੀਨ ਵਿੱਚ ਡਾਕਟਰ ਵੱਲੋਂ ਕੀਤੀ ਗਈ ਅਨੋਖੀ ਸਰਜਰੀ ਦੀ ਕਾਫ਼ੀ ਚਰਚਾ ਹੈ। ਅਸਲ ਵਿੱਚ ਇੱਥੋਂ ਦੇ ਡਾਕਟਰ ਨੇ ਐਕਸੀਡੈਂਟ ਵਿੱਚ ਕੰਨ ਖੋਹਣ ਵਾਲੇ ਜੀ ਨਾਮਕ ਨੌਜਵਾਨ ਦਾ ਅਪ੍ਰੇਸ਼ਨ ਕਰ ਕੇ ਬਾਂਹ ਉੱਤੇ ਹੀ ਕੰਨ ਪੈਦਾ ਕਰ ਦਿੱਤਾ।
ਚੀਨ ਦੇ ਮੀਡੀਆ ਅਨੁਸਾਰ ਜੀ ਨਾਮਕ ਨੌਜਵਾਨ ਸੜਕ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਹਾਦਸੇ ਵਿੱਚ ਉਸ ਦਾ ਕੰਨ ਖਤਮ ਹੋਣ ਦੇ ਨਾਲ-ਨਾਲ ਉਸ ਦੀਆਂ ਪਸਲੀਆਂ ਵੀ ਟੁੱਟ ਗਈਆਂ ਸਨ। ਡਾਕਟਰਾਂ ਨੇ ਜੀ ਨੂੰ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਤਾਂ ਕਰ ਦਿੱਤਾ ਪਰ ਉਸ ਦਾ ਹਾਦਸੇ ਵਿੱਚ ਖਤਮ ਹੋਇਆ ਕੰਨ ਵਾਪਸ ਨਹੀਂ ਲੈ ਕੇ ਆ ਸਕੇ। ਇਸ ਦਾ ਜੀ ਨੂੰ ਕਾਫੀ ਅਫਸੋਸ ਵੀ ਸੀ। ਇਸ ਤੋਂ ਬਾਅਦ ਜੀ ਦੀ ਮੁਲਾਕਾਤ ਡਾਕਟਰ ਸ਼ੁਯਾਂਨਗ ਨਾਲ ਹੋਈ।
ਡਾਕਟਰ ਨੇ ਚਾਰ ਮਹੀਨੇ ਦੀ ਮਿਹਨਤ ਤੋਂ ਬਾਅਦ ਜੀ ਦੀ ਬਾਂਹ ਦਾ ਅਪ੍ਰੇਸ਼ਨ ਕੀਤਾ ਤੇ ਇਸ ਵਿੱਚ ਕਾਮਯਾਬੀ ਹਾਸਲ ਕੀਤੀ। ਹਾਲਾਂਕਿ ਇਹ ਕੰਨ ਅਜੇ ਪੂਰੀ ਤਰ੍ਹਾਂ ਪੈਦਾ ਨਹੀਂ ਹੋਇਆ ਪਰ ਡਾਕਟਰਾਂ ਅਨੁਸਾਰ ਜਦੋਂ ਇਹ ਤਿਆਰ ਹੋ ਜਾਵੇਗਾ ਤਾਂ ਇਸ ਨੂੰ ਕੱਟ ਕੇ ਅਸਲੀ ਕੰਨ ਵਾਲੀ ਥਾਂ ਉੱਤੇ ਫਿੱਟ ਕਰ ਦਿੱਤਾ ਜਾਵੇਗਾ। ਹਾਲਾਂਕਿ ਪਹਿਲਾਂ ਵੀ ਅਜਿਹੀਆਂ ਸਰਜਰੀਆਂ ਹੋ ਚੁੱਕੀਆਂ ਹਨ ਪਰ ਜਿੰਨੀ ਛੇਤੀ ਬਾਂਹ ਉੱਤੇ ਕੰਨ ਪੈਦਾ ਕੀਤਾ ਗਿਆ, ਉਹ ਆਪਣੇ ਆਪ ਵਿੱਚ ਕਮਾਲ ਹੈ।