ਲੰਡਨ: ਇੱਕ ਮਹਿਲਾ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਆਨਰ ਕਿਲਿੰਗ ਦੇ ਮਾਮਲੇ ਨੂੰ ਬੇਨਕਾਬ ਕੀਤਾ ਹੈ। ਲੰਡਨ ਵਿੱਚ ਇੱਕ ਪੰਜਾਬਣ ਮਹਿਲਾ ਨੇ ਆਨਰ ਕਿਲਿੰਗ ਦੇ ਮਾਮਲੇ ਵਿੱਚ ਪੁਲਿਸ ਦੀ ਮਦਦ ਕਰਦੇ ਹੋਏ ਆਪਣੀ ਸੱਸ ਤੇ ਦਿਉਰ ਨੂੰ ਜੇਲ੍ਹ ਪਹੁੰਚਾ ਦਿੱਤਾ। ਇਸ ਘਟਨਾ ਨੇ ਸਰਬਜੀਤ ਕੌਰ ਅਟਵਾਲ ਨੂੰ ਐਸਾ ਤੋੜਿਆ ਕਿ ਉਸ ਨੇ ਝੂਠੀ ਸ਼ਾਨ ਲਈ ਕਤਲ ਹੋਣ ਵਾਲੀਆਂ ਮਹਿਲਾਵਾਂ ਨੂੰ ਇਨਸਾਫ਼ ਦਿਵਾਉਣ ਲਈ ਐਨਜੀਓ ਬਣਾਈ ਹੈ।




ਬੀਬੀਸੀ ਨਾਲ ਗੱਲਬਾਤ ਕਰਦਿਆਂ ਸਰਬਜੀਤ ਅਟਵਾਲ ਨੇ ਦੱਸਿਆ ਕਿ ਉਸ ਦੀ ਦਰਾਣੀ ਆਪਣੇ ਪਤੀ ਤੋਂ ਤਲਾਕ ਚਾਹੁੰਦੀ ਸੀ। ਇਸ ਕਰਕੇ ਉਸ ਦੇ ਦਿਉਰ ਨੇ ਆਪਣੀ ਪਤਨੀ ਨੂੰ ਭਾਰਤ ਲਿਜਾ ਕੇ ਕਤਲ ਕਰਵਾ ਦਿੱਤਾ। ਮਾਮਲਾ 1998 ਦਾ ਹੈ ਜਦੋਂ ਸਰਬਜੀਤ ਅਟਵਾਲ ਦੇ ਦਿਉਰ ਤੇ ਸੱਸ ਨੇ ਉਸ ਦੀ ਦਰਾਣੀ ਸੁਰਜੀਤ ਕੌਰ ਦੇ ਕਤਲ ਦੀ ਯੋਜਨਾ ਘੜੀ।



ਸਰਬਜੀਤ ਅਟਵਾਲ ਅਨੁਸਾਰ ਉਸ ਦੀ ਦਰਾਣੀ ਸੁਰਜੀਤ ਦੀ ਉਸ ਦੇ ਦਿਉਰ ਨਾਲ ਨਹੀਂ ਸੀ ਬਣਦੀ। ਇਸ ਕਰਕੇ ਉਸ ਨੇ ਤਲਾਕ ਦੇ ਕੇ ਦੋ ਬੱਚਿਆਂ ਨਾਲ ਵੱਖਰੇ ਰਹਿਣ ਦਾ ਫ਼ੈਸਲਾ ਕੀਤਾ ਪਰ ਸੱਸ ਤੇ ਸੁਰਜੀਤ ਦੇ ਪਤੀ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਇਸ ਕਰਕੇ ਖ਼ਾਸ ਯੋਜਨਾ ਤਹਿਤ ਲਾਲਚ ਦੇ ਪਰਿਵਾਰ ਸੁਰਜੀਤ ਨੂੰ ਪੰਜਾਬ ਲੈ ਗਿਆ ਜਿੱਥੇ ਉਸ ਦੀ ਗਲਾ ਘੱਟ ਕੇ ਹੱਤਿਆ ਕਰ ਦਿੱਤੀ।

ਸਰਬਜੀਤ ਅਟਵਾਲ ਅਨੁਸਾਰ ਪਰਿਵਾਰ ਨੇ ਸੁਰਜੀਤ ਦੀ ਲਾਸ਼ ਵੀ ਨਦੀ ਵਿੱਚ ਸੁੱਟ ਦਿੱਤੀ ਸੀ। ਕਤਲ ਤੋਂ ਬਾਅਦ ਪਰਿਵਾਰ ਨੇ ਪੂਰੇ ਮਾਮਲੇ ਉੱਤੇ ਸਰਬਜੀਤ ਅਟਵਾਲ ਨੂੰ ਆਪਣਾ ਮੂੰਹ ਬੰਦ ਰੱਖਣ ਦਾ ਆਦੇਸ਼ ਦਿੱਤਾ ਸੀ ਪਰ ਉਸ ਨੇ ਪਰਿਵਾਰ ਦੇ ਹੁਕਮ ਦੀ ਪ੍ਰਵਾਹ ਕੀਤੇ ਬਿਨਾਂ ਪੂਰਾ ਮਾਮਲਾ ਪੁਲਿਸ ਨੂੰ ਦੱਸਿਆ ਤੇ ਦਿਉਰ ਤੇ ਸੱਸ ਨੂੰ ਗ੍ਰਿਫ਼ਤਾਰ ਕਰਵਾਇਆ। ਦੋਵੇਂ ਹੁਣ ਕਤਲ ਇਸ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ।

ਸਰਬਜੀਤ ਅਟਵਾਲ ਅਨੁਸਾਰ ਜਿਸ ਸਮੇਂ ਸੁਰਜੀਤ ਅਟਵਾਲ ਦੀ ਹੱਤਿਆ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਸੀ, ਉਸ ਸਮੇਂ ਉਸ ਨੇ ਪੁਲਿਸ ਨੂੰ ਲਿਖਤੀ ਤੌਰ ਉੱਤੇ ਜਾਣੂ ਕਰਵਾਇਆ ਸੀ ਪਰ ਪੁਲਿਸ ਨੇ ਇਸ ਮੁੱਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਸੁਰਜੀਤ ਕੌਰ ਦਾ ਕਤਲ ਹੋ ਗਿਆ। ਇਸ ਕਤਲ ਨੇ ਸਰਬਜੀਤ ਕੌਰ ਅਟਵਾਲ ਨੂੰ ਤੋੜ ਕੇ ਰੱਖ ਦਿੱਤਾ। ਆਪਣੇ ਦਰਾਣੀ ਨੂੰ ਇਨਸਾਫ਼ ਦਿਵਾਉਣ ਤੋਂ ਬਾਅਦ ਝੂਠੀ ਸ਼ਾਨ ਦੇ ਨਾਮ ਉੱਤੇ ਕਤਲ ਹੋਣ ਵਾਲੀਆਂ ਮਹਿਲਾਵਾਂ ਨੂੰ ਇਨਸਾਫ਼ ਦਿਵਾਉਣ ਲਈ ਹੁਣ ਸਰਬਜੀਤ ਕੌਰ ਅਟਵਾਲ ਬਕਾਇਦਾ ਐਨਜੀਓ ਬਣਾਈ ਹੈ। ਕਈ ਪੀੜਤਾਂ ਨੂੰ ਉਹ ਹੁਣ ਤੱਕ ਇਨਸਾਫ਼ ਦਿਵਾ ਚੁੱਕੀ ਹੈ।