ਵਾਸ਼ਿੰਗਟਨ : ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਲੋਕਾਂ ਦੇ ਦਿਨ ਹੁਣ ਪੂਰੇ ਹੋ ਚੁੱਕੇ ਹਨ। ਪਰਵਾਸੀਆਂ ਵਿਰੁੱਧ ਆਪਣੀਆਂ ਸਖ਼ਤ ਨੀਤੀਆਂ ਲਈ ਜਾਣੇ ਜਾਂਦੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਿਆ ਕਿ ਉਹ ਤੀਹ ਲੱਖ ਗੈਰਕਾਨੂੰਨੀ ਪਰਵਾਸੀਆਂ ਨੂੰ ਜਲਦੀ ਦੇਸ਼ ਤੋਂ ਬਾਹਰ ਦਾ ਰਸਤਾ ਦਿਖਾਏਗਾ। ਟਰੰਪ ਦੇ ਇਸ ਫੈਸਲੇ ਨਾਲ ਨਿਸਚਿਤ ਤੌਰ ਉਤੇ ਭਾਰਤੀ ਵੀ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਹੋਣਗੇ।
ਟਰੰਪ ਨੇ ਸੀਬੀਐੱਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਪਰਾਧੀ ਪ੍ਰਵਿਰਤੀ ਵਾਲੇ ਪਰਵਾਸੀਆਂ ਨੂੰ ਤਾਂ ਉਹ ਅਹੁਦਾ ਸੰਭਾਲਦਿਆਂ ਸਾਰ ਹੀ ਤੁਰੰਤ ਅਮਰੀਕਾ ਵਿੱਚੋਂ ਬਾਹਰ ਕੱਢ ਦੇਣਗੇ। ਅਮਰੀਕਾ ਵਿੱਚ ਇੱਕ ਕਰੋੜ ਦਸ ਲੱਖ ਦੇ ਕਰੀਬ ਕਾਨੂੰਨੀ ਤੋਂ ਮਾਨਤਾ ਪ੍ਰਾਪਤ ਪਰਵਾਸੀ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਭਾਰਤੀ ਮੂਲ ਦੇ ਵੀ ਹਨ।
ਇਸੇ ਦੌਰਾਨ ਡੈਮੋਕਰੈਟਿਕ ਸੈਨੇਟਰ ਬਰਨੀ ਸੈਂਡਰਜ਼ ਨੇ ਕਿਹਾ ਹੈ ਕਿ ਜੇ ਉਹ ਹਿਲੇਰੀ ਕਲਿੰਟਨ ਦੀ ਥਾਂ ਡੈਮੋਕਰੈਟਿਕ ਪਾਰਟੀ ਦਾ ਰਾਸ਼ਟਰਪਤੀ ਲਈ ਉਮੀਦਵਾਰ ਹੁੰਦਾ ਤਾਂ ਉਹ ਡੋਨਲਡ ਟਰੰਪ ਨੂੰ ਵੱਡੇ ਫਰਕ ਨਾਲ ਹਰਾਉਣ ਵਿੱਚ ਕਾਮਯਾਬ ਹੁੰਦਾ। ਬਰਨੀ ਡੈਮੋਕਰੈਟਿਕ ਪਾਰਟੀ ਦੇ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨਾਮਜ਼ਦ ਕਰਨ ਮੌਕੇ ਪਈਆਂ ਵੋਟਾਂ ਵਿੱਚ ਹਾਰ ਗਿਆ ਸੀ। ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਪਈਆਂ ਵੋਟਾਂ ਤੋਂ ਦੋ ਦਿਨ ਪਹਿਲਾਂ 1600 ਵੋਟਰਾਂ ਉੱਤੇ ਕਰਵਾਏ ਸਰਵੇ ਵਿੱਚ ਇਹ ਰੁਝਾਨ ਸਾਹਮਣੇ ਆਇਆ ਕਿ 75 ਸਾਲਾ ਸੈਨੇਟਰ 56 ਫੀਸਦੀ ਵੋਟਾਂ ਹਾਸਲ ਕਰ ਸਕਦਾ ਸੀ।