ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਦੇ ਪੈਰ ਦੀ ਹੱਡੀ ਟੁੱਟ ਗਈ ਹੈ। ਆਪਣੇ ਕੁੱਤੇ ਮੇਜਰ ਨਾਲ ਖੇਡਦੇ ਸਮੇਂ ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ।  ਅਧਿਕਾਰੀਆਂ ਮੁਤਾਬਕ ਬਾਇਡੇਨ ਦੇ ਸੱਜੇ ਪੈਰ ਦੀ ਹੱਡੀ ਵਿੱਚ ਕ੍ਰੈਕ ਆ ਗਿਆ ਹੈ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਇਡੇਨ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

ਅਗਲੇ ਵਰ੍ਹੇ 20 ਜਨਵਰੀ ਨੂੰ ਜੋਅ ਬਾਇਡੇਨ ਨੂੰ ਸੰਯੁਕਤ ਰਾਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ ਜਾਵੇਗੀ। 78 ਸਾਲ ਦੀ ਉਮਰ ਵਿੱਚ ਉਹ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਹੋਣਗੇ।

ਜੋਅ ਬਾਇਡੇਨ ਕੋਲ ਦੋ ਜਰਮਨ–ਸ਼ੈਫ਼ਰਡ ਕੁੱਤੇ ‘ਮੇਜਰ’ ਅਤੇ ‘ਚੈਪ’ ਹਨ। ਉਹ ਸਾਲ 2008 ਦੀਆਂ ਚੋਣਾਂ ਤੋਂ ਬਾਅਦ ਆਪਣਾ ਪਹਿਲਾ ਕੁੱਤਾ ‘ਚੈਪ’ ਘਰ ਲਿਆਏ ਸਨ। ਇਸ ਤੋਂ ਬਾਅਦ 2018 ’ਚ ਉਨ੍ਹਾਂ ਦੂਜਾ ਕੁੱਤਾ ‘ਮੇਜਰ’ ਨੂੰ ਅਡੌਪਟ ਕੀਤਾ ਸੀ।


ਡਾਕਟਰ ਕੇਵਿਨ ਓ ਕੌਰਨਰ ਨੇ ਦੱਸਿਆ ਕਿ ਜੋਅ ਬਾਇਡੇਨ ਦੇ ਪੈਰ ਵਿੱਚ ਮੋਚ ਆ ਗਈ ਹੈ ਤੇ ਇਸ ਕਾਰਣ ਐਕਸਰੇਅ ਵਿੱਚ ਇਹ ਪਕੜ ’ਚ ਨਹੀਂ ਆ ਰਹੀ। ਪਰ ਬਾਅਦ ’ਚ ਸੀਟੀ ਸਕੈਨ ਤੋਂ ਪਤਾ ਲੱਗਾ ਕਿ ਪੈਰ ਦੀ ਹੱਡੀ ਟੁੱਟ ਗਈ ਹੈ। ਉਨ੍ਹਾਂ ਨੂੰ ਹੁਣ ਕਈ ਹਫ਼ਤਿਆਂ ਤੱਕ ਸਹਾਰਾ ਲੈ ਕੇ ਚੱਲਣਾ ਪੈ ਸਕਦਾ ਹੈ।

ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ’ਚ ਮੈਡੀਸਨ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਕੇਵਿਨ ਵੱਲੋਂ ਦਸੰਬਰ 2019 ’ਚ ਆਖ਼ਰੀ ਸਿਹਤ ਰਿਕਾਰਡ ਜਾਰੀ ਕੀਤਾ ਗਿਆ ਸੀ; ਜਿਸ ਵਿੱਚ ਕਿਹਾ ਗਿਆ ਸੀ ਕਿ ਬਾਇਡੇਨ ਰਾਸ਼ਟਰਪਤੀ ਬਣਨ ਲਈ ਪੂਰੀ ਤਰ੍ਹਾਂ ਤੰਦਰੁਸਤ ਤੇ ਫ਼ਿੱਟ ਹਨ। ਉਹ ਤਮਾਕੂ ਜਾਂ ਸ਼ਰਾਬ ਦਾ ਸੇਵਨ ਨਹੀਂ ਕਰਦੇ ਤੇ ਹਫ਼ਤੇ ’ਚ ਪੰਜ ਦਿਨ ਕਸਰਤ ਕਰਦੇ ਹਨ।