ਇਸਲਾਮਾਬਾਦ: ਪਾਕਿਸਤਾਨ ਦੇ ਵਿਰੋਧੀ ਪਾਰਟੀ ਦੇ ਲੀਡਰ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਸ਼ਮੀਰ ਮੁੱਦੇ ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ਅਸਫਲ ਰਹਿਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਲੋਚਨਾ ਕੀਤੀ। ਭੁੱਟੋ ਨੇ ਕਿਹਾ ਕਿ ਪਹਿਲਾਂ ਪਾਕਿਸਤਾਨ ਦੀ ਨੀਤੀ ਇਹ ਹੁੰਦੀ ਸੀ ਕਿ ਸ੍ਰੀਨਗਰ ਨੂੰ ਭਾਰਤ ਤੋਂ ਕਿਵੇਂ ਲਿਜਾਇਆ ਜਾਵੇ ਪਰ ਹੁਣ ਚਿੰਤਾ ਇਹ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ਨੂੰ ਕਿਵੇਂ ਬਚਾਇਆ ਜਾਵੇ।
ਸੋਮਵਾਰ ਨੂੰ ਰਾਵਲਪਿੰਡੀ ਵਿੱਚ ਬੋਲਦਿਆਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਖਾਨ ਸਰਕਾਰ ਦੀ ਨਾਕਾਮੀ ਕਾਰਨ ਪਾਕਿਸਤਾਨ ਨੇ ਕਸ਼ਮੀਰ ਗਵਾ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਮਰਹੂਮ ਬੇਨਜ਼ੀਰ ਭੁੱਟੋ ਦੇ ਬੇਟੇ ਨੇ ਕਿਹਾ, 'ਪਹਿਲਾਂ ਪਾਕਿਸਤਾਨ ਦੀ ਨੀਤੀ ਹੁੰਦੀ ਸੀ ਕਿ ਸ੍ਰੀਨਗਰ ਨੂੰ ਭਾਰਤ ਤੋਂ ਕਿਵੇਂ ਲਿਆ ਜਾਏ? ਬਹਰਹਾਲ, ਇਮਰਾਨ ਖਾਨ ਦੀ ਸਰਕਾਰ ਦੀ ਅਸਫਲਤਾ ਦੇ ਕਾਰਨ ਹੁਣ ਸਥਿਤੀ ਇਹ ਆ ਗਈ ਹੈ ਕਿ ਅਸੀਂ ਸੋਚ ਰਹੇ ਹਾਂ ਕਿ ਮੁਜ਼ੱਫਰਾਬਾਦ ਨੂੰ ਕਿਵੇਂ ਬਚਾ ਸਕਦੇ ਹਾਂ।'
ਭੁੱਟੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਾਣਦੇ ਸਨ ਕਿ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਦਾ ਖਾਤਮਾ ਬੀਜੇਪੀ ਦੇ ਚੋਣ ਮੈਨੀਫੈਸਟੋ ਵਿੱਚ ਸੀ, ਇਸ ਦੇ ਬਾਵਜੂਦ ਖਾਨ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ, 'ਜਦੋਂ ਮਾਮਲਾ ਵਿਰੋਧੀ ਧਿਰ ਦਾ ਹੁੰਦਾ ਹੈ, ਤਾਂ ਖਾਨ ਆਪਣੇ-ਆਪ ਨੂੰ ਸ਼ੇਰ ਵਜੋਂ ਪੇਸ਼ ਕਰਦੇ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਉਹ ਇੱਕ ਭਿੱਜੀ ਬਿੱਲੀ ਬਣ ਜਾਂਦੇ ਹਨ।'