ਮੁੰਬਈ: ਭਾਰਤ ਵਰਗੀ ਵੱਡੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼ ਦੁਨੀਆ ਦੇ ਛੋਟੇ ਜਿਹੇ ਮੁਲਕ ਤੋਂ ਹੁੰਦਾ ਹੈ। ਰਿਜ਼ਰਵ ਬੈਂਕ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਐਫਡੀਆਈ ਦਾ ਸਭ ਤੋਂ ਵੱਡਾ ਸਰੋਤ ਮੌਰੀਸ਼ਿਸ ਹੈ। ਇਸ ਤੋਂ ਬਾਅਦ ਅਮਰੀਕਾ ਤੇ ਬ੍ਰਿਟੇਨ ਦਾ ਨੰਬਰ ਆਉਂਦਾ ਹੈ। ਮੌਰੀਸ਼ਿਸ ਵਰਗੇ ਮੁਲਕ ਦਾ ਭਾਰਤ ਵਿੱਚ ਨਿਵੇਸ਼ ਵਿੱਚ ਨੰਬਰ ਇੱਕ ਹੋਣਾ ਇਸ ਲਈ ਵੀ ਹੈਰਾਨ ਕਰਦਾ ਹੈ ਕਿਉਂਕਿ ਮੌਰੀਸ਼ਿਸ ਨੂੰ ਟੈਕਸ ਹੈਵਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਹਵਾਲਾ ਰਾਹੀਂ ਭਾਰਤ ਦੇ ਕਾਲੇ ਧਨ ਨੂੰ ਸਫ਼ੇਦ ਕਰਨ ਦਾ ਰੂਟ ਹੈ।

ਦੂਜੇ ਤੇ ਤੀਜੇ ਨੰਬਰ 'ਤੇ ਅਮਰੀਕਾ ਤੇ ਬ੍ਰਿਟੇਨ ਹੈ। ਇਸ ਤੋਂ ਬਾਅਦ ਸਿੰਗਾਪੁਰ ਤੇ ਜਾਪਾਨ ਦਾ ਨੰਬਰ ਹੈ। ਭਾਰਤ ਵਿੱਚ ਹੋਏ ਕੁੱਲ ਨਿਵੇਸ਼ ਦਾ 21.8 ਫ਼ੀਸਦੀ ਹਿੱਸਾ ਮੌਰੀਸ਼ਿਸ ਤੋਂ ਆਉਂਦਾ ਹੈ। ਰਿਜ਼ਰਵ ਬੈਂਕ ਦੀ ਰਿਪੋਰਟ ਵਿੱਚ 18,667 ਕੰਪਨੀਆਂ ਵਿੱਚੋਂ 17,020 ਕੰਪਨੀਆਂ ਦੇ ਮਾਰਚ ਵਿੱਚ ਖ਼ਤਮ ਹੋਏ ਵਿੱਤੀ ਸਾਲ ਵਿੱਚ ਡਾਇਰੈਕਟ ਫ਼ੌਰਨ ਇਨਵੈਸਟਮੈਂਟ ਨੂੰ ਸ਼ਾਮਲ ਕੀਤਾ ਗਿਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ 15,169 ਕੰਪਨੀਆਂ ਨੇ ਐਫਡੀਆਈ ਹੋਣ ਦੀ ਜਾਣਕਾਰੀ ਦਿੱਤੀ ਹੈ, ਉਸ ਵਿੱਚ 80 ਫ਼ੀਸਦੀ ਤੋਂ ਵੱਧ ਕੰਪਨੀਆਂ ਆਪਣੀ ਵਿਦੇਸ਼ੀ ਕੰਪਨੀ ਨੂੰ ਹਿੱਸਾ ਮੰਨਦੀਆਂ ਹਨ। ਮਤਲਬ ਕੰਪਨੀਆਂ ਵਿੱਚ 50 ਫ਼ੀਸਦੀ ਨਿਵੇਸ਼ ਵਿਦੇਸ਼ੀ ਕੰਪਨੀ ਦਾ ਹੈ।