ਪੈਰਿਸ: ਸ਼ਹਿਰ ਦੀ ਬੇਕਰੀ ਵਿੱਚ ਗੈਸ ਲੀਕ ਹੋਣ ਕਾਰਨ ਹੋਏ ਧਮਾਕੇ ਵਿੱਚ ਤਿੰਨ ਜਣਿਆਂ ਦੇ ਮਾਰੇ ਜਾਣ ਅਤੇ 47 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ ਅੱਗ ਬੁਝਾਊ ਦਸਤੇ ਦੇ ਦੋ ਮੈਂਬਰ ਅਤੇ ਮਹਿਲਾ ਸੈਲਾਨੀ ਵੀ ਸ਼ਾਮਲ ਹੈ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜਲੀਆਂ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ ਤੇ ਬਾਹਰ ਖੜ੍ਹੀਆਂ ਕਾਰਾਂ ਤਕ ਪਲਟ ਗਈਆਂ। ਉੱਤਰ-ਕੇਂਦਰੀ ਪੈਰਿਸ ਵਿੱਚ ਵਾਪਰੀ ਇਸ ਘਟਨਾ ’ਚ ਅੱਗ ਬੁਝਾਊ ਅਮਲੇ ਨੇ ਧੂੰਏਂ ਦੇ ਗੁਬਾਰ ’ਚੋਂ ਪੀੜਤਾਂ ਨੂੰ ਖਿੜਕੀਆਂ ਰਾਹੀਂ ਬਾਹਰ ਕੱਢਿਆ ਤੇ ਇਮਾਰਤ ਦੇ ਹੋਰ ਵਾਸੀਆਂ ਨੂੰ ਵੀ ਬਾਹਰ ਕੱਢਿਆ।

ਸਥਾਨਕ ਪ੍ਰਸ਼ਾਸਨ ਮੁਤਾਬਕ 10 ਜ਼ਖ਼ਮੀਆਂ ਦੀ ਹਾਲਤ ਬੇਹੱਦ ਗੰਭੀਰ ਹੈ ਤੇ 37 ਹੋਰ ਵੀ ਬੁਰੀ ਤਰ੍ਹਾਂ ਜ਼ਖ਼ਮੀ ਹਨ। ਗ੍ਰਹਿ ਮੰਤਰੀ ਕ੍ਰਿਸਟੋਫ ਕਾਸਟੇਨਰ ਨੇ ਕਿਹਾ ਕਿ ਘਟਨਾ ਬੇਹੱਦ ਮੰਦਭਾਗੀ ਹੈ ਤੇ ਅੱਗ ਬੁਝਾਊ ਅਮਲੇ ਨੇ ਬੜੀ ਮੁਸ਼ਕਲ ਸਥਿਤੀ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਈ ਹੈ।