ਲੰਦਨ: ਇੱਥੋਂ ਦੇ ਇੱਕ ਜ਼ਮੀਨਦੋਜ਼ ਯਾਨੀ ਅੰਡਰਗ੍ਰਾਊਂਡ ਮੈਟਰੋ ਟ੍ਰੇਨ (ਟਿਊਬ) ਵਿੱਚ ਧਮਾਕਾ ਹੋਇਆ ਹੈ। ਇਹ ਧਮਾਕਾ ਪਾਰਸੈਂਸ ਗ੍ਰੀਨ ਸਟੇਸ਼ਨ 'ਤੇ ਹੋਇਆ। ਧਮਾਕੇ ਤੋਂ ਬਾਅਦ ਮੱਚੀ ਹਫੜਾਦਫੜੀ ਵਿੱਚ ਲਗਪਗ 20 ਲੋਕ ਜ਼ਖ਼ਮੀ ਹੋ ਗਏ।


ਮੁੱਢਲੀ ਜਾਣਕਾਰੀ ਮੁਤਾਬਕ ਧਮਾਕਾ ਟ੍ਰੇਨ ਦੇ ਇੱਕ ਡੱਬੇ ਵਿੱਚ ਚਿੱਟੇ ਰੰਗ ਦੇ ਕੰਟੇਨਰ ਵਿੱਚ ਹੋਇਆ। ਧਮਾਕੇ ਤੋਂ ਬਾਅਦ ਇਸ ਰੂਟ 'ਤੇ ਟ੍ਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ ਤੇ ਕਈ ਐਮਰਜੈਂਸੀ ਵਾਹਨ ਮੌਕੇ 'ਤੇ ਪਹੁੰਚ ਗਏ ਹਨ।

ਹਾਲਾਂਕਿ ਹਾਲੇ ਤਕ ਇਹ ਸਾਫ ਨਹੀਂ ਹੋਇਆ ਕਿ ਧਮਾਕੇ ਦਾ ਕਾਰਨ ਵਿਸਫੋਟਕ ਪਦਾਰਥ ਸੀ ਜਾਂ ਕੋਈ ਹੋਰ। ਇਸ ਬਾਰੇ ਵੀ ਜਾਣਕਾਰੀ ਨਹੀਂ ਮਿਲੀ ਹੈ ਕਿ ਉਸ ਕੰਟੇਨਰ ਵਿੱਚ ਕਿਹੜੇ-ਕਿਹੜੇ ਰਸਾਇਣ ਰੱਖੇ ਹੋਏ ਸਨ।

ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਧਮਾਕਾ ਤਕਰੀਬਨ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 8:15 ਵਜੇ ਹੋਇਆ। ਧਮਾਕੇ ਤੋਂ ਬਾਅਦ ਸਟੇਸ਼ਨ 'ਤੇ ਭਗਦੜ ਮੱਚ ਗਈ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਪੁਲਿਸ ਹਮਲੇ ਦੀ ਜਾਂਚ ਕਰ ਰਹੀ ਹੈ।