ਕੇਂਸਾਸ: ਅਮਰੀਕਾ ਦੇ ਕੈਂਸਾਸ ਸ਼ਹਿਰ ਵਿੱਚ ਨਫਰਤੀ ਹਿੰਸਾ ਵਾਲਾ ਅਪਰਾਧ ਸਾਹਮਣੇ ਆਇਆ ਹੈ। ਇੱਥੇ ਭਾਰਤੀ ਮੂਲ ਦੇ ਡਾਕਟਰ ਨੂੰ ਉਸ ਦੇ ਮਰੀਜ਼ ਨੇ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ। 57 ਸਾਲਾ ਡਾਕਟਰ ਅਚਿਉੱਤ ਰੈਡੀ ਅਮਰੀਕਾ ਵਿੱਚ ਮਨੋਰੋਗਾਂ ਦੇ ਮਾਹਰ ਸਨ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬੀਤੇ ਬੁੱਧਵਾਰ ਦੀ ਹੈ। ਚਾਕੂ ਮਾਰਨ ਵਾਲੇ ਮਰੀਜ਼ ਦਾ ਨਾਂ ਰਸ਼ੀਦ ਦੱਤ ਹੈ ਤੇ ਉਹ ਵੀ ਮੂਲ ਰੂਪ ਵਿੱਚ ਭਾਰਤ ਦੇ ਹੈਦਰਾਬਾਦ ਨਾਲ ਸਬੰਧ ਰੱਖਦਾ ਹੈ। 21 ਸਾਲਾ ਰਸ਼ਿਦ ਨੇ ਪਹਿਲਾਂ ਡਾਕਟਰ ਦਾ ਪਿੱਛਾ ਕੀਤਾ ਤੇ ਬਾਅਦ ਵਿੱਚ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਮੁਲਜ਼ਮ ਖੂਨ ਨਾਲ ਭਿੱਜੇ ਕੱਪੜਿਆਂ ਵਿੱਚ ਹੀ ਘੁੰਮਦਾ ਰਿਹਾ। ਪੁਲਿਸ ਨੇ ਰਸ਼ੀਦ ਨੂੰ ਗ੍ਰਿਫਤਾਰ ਕਰ ਲਿਆ ਹੈ। ਡਾ. ਰੈਡੀ ਨੇ 1986 ਵਿੱਚ ਐਮ.ਬੀ.ਬੀ.ਐਸ. ਦੀ ਪੜ੍ਹਾਈ ਪੂਰੀ ਕੀਤੀ ਸੀ। ਇਸ ਤੋਂ ਬਾਅਦ ਉਹ ਅਮਰੀਕਾ ਆ ਕੇ ਵਸ ਗਏ। ਡਾ. ਰੈਡੀ ਦੀ ਪਤਨੀ ਬੀਨਾ ਰੈਡੀ ਵੀ ਡਾਕਟਰ ਹਨ, ਉਨ੍ਹਾਂ ਦੇ ਤਿੰਨ ਬੱਚੇ ਹਨ।
ਦੱਸਣਾ ਬਣਦਾ ਹੈ ਕਿ ਇਸ ਸਾਲ ਅਮਰੀਕਾ ਵਿੱਚ ਕਿਸੇ ਭਾਰਤੀ ਮੂਲ ਦੇ ਵਿਅਕਤੀ ਦੇ ਕਤਲ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਕੈਂਸਾਸ ਵਿੱਚ ਹੀ ਬੀਤੀ ਫਰਵਰੀ 'ਚ ਭਾਰਤੀ ਮੂਲ ਦੇ ਇੰਜਨੀਅਰ ਸ਼੍ਰੀਨਿਵਾਸ ਕੁੱਚੀਭੋਟਲਾ ਦਾ ਕਤਲ ਕਰ ਦਿੱਤਾ ਗਿਆ ਸੀ।