ਨਵਾਂਸ਼ਹਿਰ: ਇੱਥੋਂ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਸੂਚਨਾ ਮੁਤਾਬਕ ਕਰਨ ਸ਼ਰਮਾ 2016 'ਚ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਉਹ ਉੱਥੇ ਦੇ ਸ਼ਹਿਰ ਮੌਂਟਰੀਅਲ 'ਚ ਪੜ੍ਹਦਾ ਸੀ। ਘਰਦਿਆਂ ਦਾ ਇਕਲੌਤਾ ਮੁੰਡਾ ਉੱਥੇ ਪੜ੍ਹਾਈ ਦੇ ਨਾਲ-ਨਾਲ ਟਰਾਲਾ ਵੀ ਚਲਾਉਂਦਾ ਸੀ। ਕਰਨ ਦੇ ਪਿਤਾ ਫੌਜ 'ਚ ਸੂਬੇਦਾਰ ਹਨ। ਅੱਜਕਲ੍ਹ ਉਹ ਰਾਜਸਥਾਨ 'ਚ ਤਾਇਨਾਤ ਹਨ। ਕਰਨ ਆਪਣੇ ਚਾਚਾ ਸੁਖਵਿੰਦਰ ਨਾਲ ਰਹਿੰਦਾ ਸੀ।
ਕਰਨ ਕਾਲਜ ਤੋਂ ਬਾਅਦ ਮੌਂਟਰੀਅਲ ਸ਼ਹਿਰ ਤੋਂ ਕਾਰਨੀਵਾਲ 'ਚ ਜਾ ਰਿਹਾ ਸੀ ਕਿ ਸਾਹਮਣੇ ਤੇਜ਼ਾਬ ਟੈਂਕਰ ਰੋਡ 'ਤੇ ਖੜ੍ਹਾ ਸੀ। ਕਰਨ ਨੇ ਟਰਾਲੇ ਨੂੰ ਬ੍ਰੇਕ ਲਾ ਲਈ। ਇਸ ਤੋਂ ਬਾਅਦ ਪਿੱਛੋਂ ਆ ਰਹੇ ਟਰੱਕ ਨੇ ਉਸ ਦੇ ਟਰਾਲੇ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਸ ਦੇ ਟਰਾਲੇ ਨੂੰ ਅੱਗ ਲੱਗ ਗਈ ਤੇ ਸੜ੍ਹਨ ਨਾਲ ਕਰਨ ਦੀ ਮੌਤ ਹੋ ਗਈ। ਕਰਨ ਦੇ ਪਿਤਾ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਫੁਟਬਾਲ ਦਾ ਚੰਗਾ ਖਿਡਾਰੀ ਸੀ। ਕੈਨੇਡਾ 'ਚ ਵੀ ਉਹ ਫੁਟਬਾਲ ਖੇਡਦਾ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਉਣਾ ਚਾਹੀਦਾ ਹੈ।