ਲਾਹੌਰ: ਬ੍ਰਿਟੇਨ ਦੇ ਇਕ ਪੁਲਸ ਅਫਸਰ ਦੇ ਕਤਲ ਦੇ ਕੇਸ ਵਿੱਚ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਨੂੰ ਨਿਰਦੋਸ਼ ਸਾਬਤ ਕਰਨ ਲਈ ਲਾਹੌਰ ਹਾਈ ਕੋਰਟ ਵਿੱਚ ਫਿਰ ਪਟੀਸ਼ਨ ਦਾਇਰ ਕੀਤੀ ਗਈ ਹੈ। ਕਰੀਬ ਸੱਤ ਮਹੀਨੇ ਪਹਿਲਾਂ ਅਦਾਲਤ ਨੇ ਕਿਹਾ ਸੀ ਕਿ ਪਟੀਸ਼ਨ ਉੱਤੇ ਸੁਣਵਾਈ ਵੱਡੇ ਬੈਂਚ ਵਿੱਚ ਹੋਵੇਗੀ। ਅਦਾਲਤ ਨੇ ਅਜੇ ਤੱਕ ਇਸ ਮਕਸਦ ਲਈ ਵੱਡੀ ਬੈਂਚ ਦਾ ਗਠਨ ਨਹੀਂ ਕੀਤਾ।


ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਵਕੀਲ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਅਰਜ਼ੀ ਦੇ ਕੇ ਪਟੀਸ਼ਨ ਉੱਤੇ ਛੇਤੀ ਸੁਣਵਾਈ ਦੀ ਅਪੀਲ ਕੀਤੀ ਹੈ। ਕੁਰੈਸ਼ੀ ਨੇ ਦੱਸਿਆ ਕਿ ਭਗਤ ਸਿੰਘ ਕੇਸ ਦੀ ਛੇਤੀ ਸੁਣਵਾਈ ਲਈ ਮੈਂ ਲਾਹੌਰ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਹੈ। ਅੱਜ ਮੈਂ ਰਜਿਸਟਰਾਰ ਨੂੰ ਅਪੀਲ ਕੀਤੀ ਹੈ ਕਿ ਕੇਸ ਦੀ ਸੁਣਵਾਈ ਦੀ ਮਿਤੀ ਤੈਅ ਕੀਤੀ ਜਾਵੇ। ਆਸ ਹੈ ਕਿ ਇਸ ਮਹੀਨੇ ਇਸ ਕੇਸ ਉੱਤੇ ਸੁਣਵਾਈ ਸ਼ੁਰੂ ਹੋਵੇਗੀ।

ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਨੂੰ ਚਿੱਠੀ ਲਿਖ ਕੇ ਸ਼ਾਦਮਾਨ ਚੌਕ (ਲਾਹੌਰ ਦੇ ਮੁੱਖ ਹਿੱਸੇ) ਉੱਤੇ ਭਗਤ ਸਿੰਘ ਦੀ ਮੂਰਤੀ ਲਾਉਣ ਦੀ ਮੰਗ ਕੀਤੀ ਹੈ, ਜਿੱਥੇ ਉਸ ਵਕਤ ਜੇਲ੍ਹ ਹੁੰਦੀ ਸੀ ਅਤੇ ਉਸ ਜਗ੍ਹਾਂ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਸਣੇ ਫਾਂਸੀ ਲਟਕਾਇਆ ਗਿਆ ਸੀ। ਲਾਹੌਰ ਹਾਈ ਕੋਰਟ ਦੇ ਬੈਂਚ ਨੇ ਫਰਵਰੀ ਵਿੱਚ ਚੀਫ ਜਸਟਿਸ ਨੂੰ ਅਪੀਲ ਕੀਤੀ ਸੀ ਕਿ ਭਗਤ ਸਿੰਘ ਵਾਲੇ ਇਸ ਕੇਸ ਦੀ ਸੁਣਵਾਈ ਲਈ ਵੱਡੀ ਬੈਂਚ ਬਣਾਈ ਜਾਵੇ।

ਆਪਣੀ ਪਟੀਸ਼ਨ ਵਿੱਚ ਕੁਰੈਸ਼ੀ ਨੇ ਕਿਹਾ ਹੈ ਕਿ ਭਗਤ ਸਿੰਘ ਆਜ਼ਾਦੀ ਘੁਲਾਟੀਏ ਸਨ, ਜਿਨ੍ਹਾਂ ਨੇ ਹਿੰਦੁਸਤਾਨ ਦੀ ਵੰਡ ਤੋਂ ਪਹਿਲਾਂ ਆਜ਼ਾਦੀ ਲਈ ਸੰਘਰਸ਼ ਕੀਤਾ ਸੀ। ਭਗਤ ਸਿੰਘ ਨੂੰ 23 ਸਾਲ ਦੀ ਉਮਰ ਵਿੱਚ ਬ੍ਰਿਟਿਸ਼ ਹਾਕਮਾਂ ਨੇ 23 ਮਾਰਚ 1931 ਨੂੰ ਫਾਂਸੀ ਚਾੜ੍ਹ ਦਿੱਤਾ ਸੀ। ਉਨ੍ਹਾਂ ਉੱਤੇ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਬ੍ਰਿਟੇਨ ਦੀ ਉਸ ਵਕਤ ਦੀ ਸਰਕਾਰ ਦੇ ਖਿਲਾਫ ਸਾਜ਼ਿਸ਼ ਰਚੀ ਸੀ। ਇਸ ਸਿਲਸਿਲੇ ਵਿੱਚ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਉੱਤੇ ਬ੍ਰਿਟਿਸ਼ ਪੁਲਸ ਅਫਸਰ ਜਾਨ ਪੀ ਸੇਂਡਰਸ ਨੂੰ ਕਤਲ ਕਰਨ ਦਾ ਇਹ ਕੇਸ ਦਰਜ ਕੀਤਾ ਗਿਆ ਸੀ।