ਮਾਸਕੋ:17 ਸਾਲ ਦੀ ਲੜਕੀ ਮੌਤ ਦੀ ਖੇਡ ਭਾਵ ਸੁਸਾਈਡ ਗੇਮ 'ਬਲੂ ਵ੍ਹੇਲ' ਦੀ ਮਾਸਟਰਮਾਈਂਡ ਨਿਕਲੀ। ਰਸ਼ੀਅਨ ਪੁਲਿਸ ਨੇ ਮਾਸਕੋ ਤੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਲੜਕੀ ਮਨੋਵਿਗਿਆਨ ਦੀ ਵਿਦਿਆਰਥੀ ਹੈ ਤੇ ਉਸ ਨੇ ਪੁਲਿਸ ਸਾਹਮਣੇ ਆਪਣੇ ਗੁਨਾਹ ਨੂੰ ਵੀ ਕਬੂਲ ਕਰ ਲਿਆ ਹੈ।
ਰਸ਼ੀਅਨ ਪੁਲਿਸ ਨੇ ਅਪਰਾਧੀ ਲੜਕੀ ਨੂੰ ਗ੍ਰਿਫ਼ਤਾਰ ਕਰ ਕੋਰਟ 'ਚ ਪੇਸ਼ ਕੀਤਾ, ਜਿੱਥੇ ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਹ ਆਪਣੇ ਸ਼ਿਕਾਰ ਨੂੰ ਧਮਕੀ ਦਿੰਦੀ ਸੀ ਕਿ ਜੇਕਰ ਉਸ ਨੇ ਬਲੂ ਵ੍ਹੇਲ ਦੇ ਟਾਸਕ ਨੂੰ ਪੂਰਾ ਨਾ ਕੀਤਾ ਤਾਂ ਉਹ ਗੇਮ ਖੇਡਣ ਵਾਲੇ ਤੇ ਉਸ ਦੇ ਪਰਿਵਾਰ ਨੂੰ ਮਾਰ ਦੇਵੇਗੀ।
ਪੁਲਿਸ ਨੇ ਅੱਗੇ ਕਿਹਾ ਕਿ ਉਹ ਇਸ ਗੇਮ ਰਾਹੀਂ ਉਨ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਸੀ, ਜੋ ਕਿਸੇ ਤਰ੍ਹਾਂ ਦੇ ਤਨਾਅ 'ਚੋਂ ਗੁਜ਼ਰ ਰਹੇ ਹੋਣ ਜਾਂ ਫਿਰ ਕਿਸੇ ਕਾਰਨ ਆਤਮਹੱਤਿਆ ਕਰਨ ਬਾਰੇ ਸੋਚ ਰਹੇ ਹੋਣ। ਪੁਲਿਸ ਮੁਜ਼ਰਿਮ ਲੜਕੀ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਮਾਸੂਮ ਬੱਚੇ ਇਸ ਨੂੰ ਇਕ ਗੇਮ ਸਮਝ ਕੇ ਇਸ ਦੇ ਜਾਲ 'ਚ ਫੱਸ ਰਹੇ ਹਨ। ਸੋਸ਼ਲ ਮੀਡੀਆ 'ਤੇ 'ਬਲੂ ਵ੍ਹੇਲ' ਐਪ ਨੂੰ ਲੱਭਿਆ ਜਾ ਰਿਹਾ ਹੈ, ਪਰ ਅਸਲ 'ਚ ਇਹ ਨਾ ਤਾਂ ਗੇਮ ਹੈ ਤੇ ਨਾ ਹੀ ਐਪ ਹੈ। ਇਹ ਅਪਰਾਧੀ ਕਿਸਮ ਦੇ ਲੋਕਾਂ ਦਾ ਇਕ ਜਾਲ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਇਸ ਗੇਮ ਕਾਰਨ ਦੁਨੀਆ ਭਰ 'ਚ ਹੁਣ ਤੱਕ ਲਗਭਗ 130 ਲੋਕ ਆਪਣੀ ਜਾਨ ਗੁਆ ਚੁੱਕੇ ਹਨ।