ਨਵੀਂ ਦਿੱਲੀ: ਫਿਲੀਪੀਨਸ ਦੇ ਜੋਲੋ ਟਾਪੂ 'ਤੇ ਐਤਵਾਰ ਸਵੇਰ ਸਮੇਂ ਗਿਰਜਾਘਰ 'ਚ ਦੋ ਬੰਬ ਧਮਾਕੇ ਹੋਏ। ਇਨ੍ਹਾਂ ਧਮਾਕਿਆਂ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਤੇ 77 ਜਣੇ ਜ਼ਖ਼ਮੀ ਹੋ ਗਏ ਹਨ। ਜਿੱਥੇ ਧਮਾਕਾ ਹੋਇਆ ਹੈ, ਉਹ ਇਲਾਕਾ ਅੱਤਵਾਦੀ ਗਤੀਵਿਧੀਆਂ ਤੋਂ ਪ੍ਰਭਾਵਿਤ ਰਿਹਾ ਹੈ।

ਸਥਾਨਕ ਮੀਡੀਆ ਮੁਤਾਬਕ ਮ੍ਰਿਤਕਾਂ 'ਚ ਪੰਜ ਫ਼ੌਜੀ ਵੀ ਸ਼ਾਮਲ ਹਨ। ਪਹਿਲਾਂ ਧਮਾਕਾ ਗਿਰਜਾਘਰ ਦੇ ਅੰਦਰ ਹੋਇਆ ਜਿਸ ਤੋਂ ਬਾਅਦ ਲੋਕਾਂ 'ਚ ਭਗਦੜ ਮਚ ਗਈ ਤੇ ਕੁਝ ਸਮੇਂ ਬਾਅਦ ਚਰਚ ਦੇ ਬਾਹਰ ਵੀ ਧਮਾਕਾ ਹੋਇਆ।

ਜੋਲੋ ਦੀਪ ਲੰਮੇ ਸਮੇਂ ਤੋਂ ਅਬੂ ਸਿਆਕ ਗੁੱਟ ਅੱਤਵਾਦੀ ਗਤੀਵਿਧੀਆਂ ਤੋਂ ਪ੍ਰਭਾਵਿਤ ਹੈ। ਇਹ ਗੁੱਟ ਨੂੰ ਜਨਤਕ ਥਾਵਾਂ 'ਤੇ ਧਮਾਕੇ, ਅਗ਼ਵਾ ਕਰਨ ਤੇ ਸ਼ਰ੍ਹੇਆਮ ਲੋਕਾਂ ਦੇ ਗਲ਼ ਵੱਢਣ ਲਈ ਬਦਨਾਮ ਹੈ। ਅਮਰੀਕਾ ਤੇ ਫਿਲੀਪੀਨਸ ਇਸ ਗੁੱਟ ਨੂੰ ਅੱਤਵਾਦੀ ਸੰਗਠਨ ਐਲਾਨ ਚੁੱਕੇ ਹਨ।