ਲੰਡਨ: ਇੱਕ ਟੀਵੀ ਇੰਟਰਵਿਊ ਤੋਂ ਬਚਣ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਫ੍ਰਿਜ ਵਿੱਚ ਲੁੱਕਦੇ ਨਜ਼ਰ ਆਏ। ਇਹ ਵਾਕਿਆ ਉਦੋਂ ਦਾ ਹੈ ਜਦੋਂ 'ਗੁੱਡ ਮੋਰਨਿੰਗ ਬ੍ਰਿਟੇਨ' ਟੀਵੀ ਪ੍ਰੋਗਰਾਮ ਦੇ ਇੱਕ ਪੱਤਰਕਾਰ ਨੇ ਜੌਨਸਨ ਦਾ ਚੋਣ ਰੈਲੀ ਦੌਰਾਨ ਪਿੱਛਾ ਕੀਤਾ। ਪੱਤਰਕਾਰ ਨੇ ਪ੍ਰਧਾਨ ਮੰਤਰੀ ਤੋਂ ਸਵਾਲ ਕੀਤੇ ਤੇ ਲਾਈਵ ਪ੍ਰੋਗਰਾਮ ਵਿੱਚ ਜਵਾਬ ਦੇਣ ਦੀ ਬੇਨਤੀ ਕੀਤੀ ਪਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਪੱਤਰਕਾਰ ਦੇ ਸਵਾਲਾਂ ਤੋਂ ਗੁਰੇਜ਼ ਕਰਦੇ ਨਜ਼ਰ ਆਏ।

ਹੱਦ ਤਾਂ ਉਦੋਂ ਹੋ ਗਈ ਜਦੋਂ ਪੱਤਰਕਾਰਾਂ ਦੇ ਸਵਾਲਾਂ ਤੋਂ ਪਿੱਛਾ ਛੜਾਉਂਦੇ ਜੌਨਸਨ ਦੁੱਧ ਦੀਆਂ ਬੋਤਲਾਂ ਵਾਲੀ ਫ੍ਰਿਜ ਵਿੱਚ ਜਾ ਲੁਕੇ। ਚੋਣ ਦੌਰੇ ਦੌਰਾਨ ਪੱਤਰਕਾਰਾਂ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕਰਨਾ ਬ੍ਰਿਟੇਨ ਵਿੱਚ ਮੁੱਦਾ ਬਣ ਚੁੱਕਾ ਹੈ। ਬੋਰਿਸ ਜੌਨਸਨ ਤੇ ਚੋਣਵੇਂ ਪੱਤਰਕਾਰਾਂ ਨੂੰ ਇੰਟਰਵਿਊ ਦੇਣ ਦੇ ਇਲਜ਼ਾਮ ਵੀ ਲੱਗੇ ਹਨ। ਉਨ੍ਹਾਂ ਦੇ ਵਿਰੋਧਿਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਅਸਹਿਜ ਸਵਾਲਾਂ ਤੋਂ ਬਚਦੇ ਹਨ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਜੌਨਸਨ ਦਾ ਬਚਾਅ ਕਰਦੀ ਨਜ਼ਰ ਆਈ।

ਬ੍ਰਿਟੇਨ ਦੇ ਹੇਠਲੇ ਸਦਨ ਦਿਆਂ 650 ਸੀਟਾਂ ਤੇ ਅੱਜ ਚੋਣਾਂ ਹੋਣਗੀਆਂ। ਚੋਣ ਰੁਝਾਨ ਦੇ ਨਤੀਜਿਆਂ ਮੁਤਾਬਕ ਸੱਤਾਰੂੜ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਹੋ ਸਕਦੀ ਹੈ। ਹਕੀਕਤ 'ਚ ਕਿਸ ਪਾਰਟੀ ਦੀ ਜਿੱਤ ਹੋਵੇਗੀ ਇਹ ਤਾਂ ਚੋਣ ਨਤੀਜੇ ਹੀ ਦੱਸਣਗੇ।