ਸਟਾਕਹੋਮ: ਦੁਨੀਆ ਵਿੱਚ ਹਥਿਆਰਾਂ ਦਾ ਸ਼ੌਂਕ ਵਧ ਰਿਹਾ ਹੈ। ਇਹ ਖੁਲਾਸਾ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਤਾਜ਼ਾ ਰਿਪੋਰਟ ਵਿੱਚ ਹੋਇਆ ਹੈ। ਇਸ ਰਿਪੋਰਟ ਮੁਤਾਬਕ 2018 ’ਚ ਹਥਿਆਰਾਂ ਦੀ ਵਿਕਰੀ ਕਰੀਬ 5 ਫ਼ੀਸਦੀ ਤੱਕ ਵੱਧ ਗਈ ਹੈ।

ਰਿਪੋਰਟ ਮੁਤਾਬਕ ਹਥਿਆਰ ਵੇਚਣ ਵਾਲਿਆਂ ’ਚ ਅਮਰੀਕਾ ਮੋਹਰੀ ਹੈ ਤੇ ਹਥਿਆਰ ਬਣਾਉਣ ਵਾਲੀਆਂ 100 ਵੱਡੀਆਂ ਕੰਪਨੀਆਂ ਦੀ ਸਾਲਾਨਾ ਵਿਕਰੀ 420 ਅਰਬ ਡਾਲਰ ਰਹੀ ਹੈ। ਅਮਰੀਕੀ ਕੰਪਨੀਆਂ ਦੀ ਸਾਲਾਨਾ ਵਿਕਰੀ 246 ਅਰਬ ਡਾਲਰ ਰਹੀ ਜੋ ਪਿਛਲੇ ਸਾਲ ਦੇ ਮੁਕਾਬਲੇ 7.2 ਫ਼ੀਸਦੀ ਵੱਧ ਹੈ।

ਇੰਸਟੀਚਿਊਟ ਦੇ ਹਥਿਆਰਾਂ ਬਾਰੇ ਤਬਾਦਲੇ ਤੇ ਫ਼ੌਜੀ ਖ਼ਰਚਾ ਪ੍ਰੋਗਰਾਮ ਦੇ ਡਾਇਰੈਕਟਰ ਔਡੇ ਫਲਿਊਰੈਂਟ ਨੇ ਦੱਸਿਆ ਕਿ ਪਿਛਲੇ ਇਕ ਸਾਲ ’ਚ ਅਮਰੀਕੀ ਹਥਿਆਰਾਂ ਦੀ ਜ਼ਿਆਦਾ ਵਿਕਰੀ ਨੂੰ ਦੇਖਦਿਆਂ ਇਹ ਅਹਿਮ ਵਾਧਾ ਦਰਜ ਹੋਇਆ ਹੈ। ਟਰੰਪ ਪ੍ਰਸ਼ਾਸਨ ਵੱਲੋਂ ਆਪਣੀਆਂ ਹਥਿਆਰਬੰਦ ਸੇਵਾਵਾਂ ਨੂੰ ਅਤਿ ਆਧੁਨਿਕ ਬਣਾਉਣ ਦੇ ਫ਼ੈਸਲੇ ਨਾਲ ਅਮਰੀਕੀ ਕੰਪਨੀਆਂ ਨੂੰ ਲਾਭ ਹੋਇਆ ਹੈ।

ਹਥਿਆਰ ਬਣਾਉਣ ਦੀ ਰੈਂਕਿੰਗ ’ਚ ਰੂਸ ਨੂੰ ਦੂਜਾ ਸਥਾਨ ਹਾਸਲ ਹੋਇਆ ਹੈ ਤੇ ਉਸ ਦਾ ਬਾਜ਼ਾਰ ’ਤੇ 8.6 ਫ਼ੀਸਦੀ ਕਬਜ਼ਾ ਹੈ। ਇੰਗਲੈਂਡ 8.4 ਫ਼ੀਸਦੀ ਨਾਲ ਤੀਜੇ ਤੇ ਫਰਾਂਸ 5.5 ਫ਼ੀਸਦੀ ਨਾਲ ਚੌਥੇ ਨੰਬਰ ’ਤੇ ਹੈ। ਅਧਿਐਨ ’ਚ ਚੀਨ ਦਾ ਨਾਮ ਸ਼ੁਮਾਰ ਨਹੀਂ ਹੈ ਕਿਉਂਕਿ ਉਥੋਂ ਢੁਕਵੇਂ ਅੰਕੜੇ ਨਹੀਂ ਮਿਲ ਸਕੇ ਹਨ ਪਰ ਇੰਸਟੀਚਿਊਟ ਦੀ ਖੋਜ ਮੁਤਾਬਕ ਹਥਿਆਰ ਬਣਾਉਣ ਵਾਲੀਆਂ 100 ਮੋਹਰੀ ਕੰਪਨੀਆਂ ’ਚ ਚੀਨ ਦੀਆਂ ਤਿੰਨ ਤੋਂ ਸੱਤ ਕੰਪਨੀਆਂ ਵੀ ਸ਼ਾਮਲ ਹਨ।

ਚੀਨ ਵੱਲੋਂ 2013 ਤੋਂ ਹਰੇਕ ਵਰ੍ਹੇ ਰੱਖਿਆ ’ਤੇ ਜੀਡੀਪੀ ਦਾ 1.9 ਫ਼ੀਸਦੀ ਖ਼ਰਚਾ ਕੀਤਾ ਜਾਂਦਾ ਹੈ। ਰੂਸੀ ਕੰਪਨੀ ਅਲਮਾਜ਼-ਅਨਤੇਈ 9.6 ਅਰਬ ਡਾਲਰ ਦੀ ਸਾਲਾਨਾ ਵਿਕਰੀ ਨਾਲ ਨੌਵੇਂ ਸਥਾਨ ’ਤੇ ਪਹੁੰਚ ਗਈ ਹੈ। ਉਸ ਦੀ ਐਸ-400 ਹਵਾਈ ਰੱਖਿਆ ਪ੍ਰਣਾਲੀ ਦੀ ਵਿਕਰੀ ਜ਼ਿਆਦਾ ਹੈ ਤੇ ਨਾਟੋ ਮੈਂਬਰ ਤੁਰਕੀ ਵੀ ਉਸ ਦਾ ਖ਼ਰੀਦਦਾਰ ਹੈ।