ਵਾਸ਼ਿੰਗਟਨ: ਟਰੰਪ ਦੇ ਰਾਜ ਵਿੱਚ ਭਾਰਤੀਆਂ ਉੱਪਰ ਵੀ ਕਾਫੀ ਸਖਤੀ ਵਰਤੀ ਜਾ ਰਹੀ ਹੈ। ਅਮਰੀਕਾ ਵਿੱਚ ਵੱਖ-ਵੱਖ ਏਜੰਸੀਆਂ ਨੇ 2018 ’ਚ ਕਰੀਬ 10,000 ਭਾਰਤੀਆਂ ਨੂੰ ਕੌਮੀ ਤੇ ਜਨਤਕ ਸੁਰੱਖਿਆ ਲਈ ਖ਼ਤਰਾ ਖੜ੍ਹਾ ਕਰਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਹੈ। ਸਰਕਾਰੀ ਰਿਪੋਰਟ ਮੁਤਾਬਕ ਏਜੰਸੀਆਂ ਨੇ ਇਨ੍ਹਾਂ ਦੀ ਸ਼ਨਾਖ਼ਤ ਕਰਕੇ ਮੁਲਕ ਤੋਂ ਬਾਹਰ ਭੇਜਣ ਦੀ ਕਾਰਵਾਈ ਵੀ ਆਰੰਭੀ ਹੈ। ਕਰੀਬ 831 ਜਣਿਆਂ ਨੂੰ ਅਮਰੀਕਾ ਤੋਂ ਵਾਪਸ ਭੇਜ ਦਿੱਤਾ ਗਿਆ ਹੈ।

ਯਾਦ ਰਹੇ ਟਰੰਪ ਨੇ ਪਰਵਾਸੀਆਂ 'ਤੇ ਕਾਫੀ ਸਖਤੀ ਕੀਤੀ ਹੈ। ਕਈ ਪਰਵਾਸ ਨਿਯਮ ਬਦਲੇ ਹਨ ਤੇ ਨਾਗਰਿਕਤਾ ਹਾਸਲ ਕਰਨ ਦੀ ਪ੍ਰਕ੍ਰਿਆ ਸਖਤ ਕੀਤੀ ਹੈ। ਇਸ ਦਾ ਸਭ ਤੋਂ ਵੱਧ ਅਸਰ ਭਾਰਤੀਆਂ ਉਪਰ ਪਿਆ ਹੈ ਕਿਉਂਕਿ ਜ਼ਿਆਦਾਤਰ ਭਾਰਤੀ ਅਮਰੀਕਾ ਤੇ ਕੈਨੇਡਾ ਵੱਲ ਹੀ ਪਰਵਾਸ ਕਰਦੇ ਹਨ। ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਟਰਾਂਸਜੈਂਡਰ, ਗਰਭਵਤੀ ਮਹਿਲਾਵਾਂ ਤੇ ਅੰਗਹੀਣਾਂ ਨੂੰ ਹਿਰਾਸਤ ਵਿੱਚ ਲੈਣ ਦੇ ਮਾਮਲੇ ਵੀ ਵਧੇ ਹਨ।

ਰਿਪੋਰਟ ‘ਇਮੀਗ੍ਰੇਸ਼ਨ ਐਨਫੋਰਸਮੈਂਟ: ਅਰੈਸਟ, ਡਿਟੈਨਸ਼ਨਜ਼ ਤੇ ਰਿਮੂਵਲ’ ਦੱਸਦੀ ਹੈ ਕਿ 2015 ਤੋਂ 2018 ਤੱਕ ਹਿਰਾਸਤ ਵਿੱਚ ਲਏ ਗਏ ਭਾਰਤੀਆਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। 2015 ਵਿੱਚ 3,532 ਭਾਰਤੀ ਹਿਰਾਸਤ ਵਿੱਚ ਲਏ ਗਏ ਸਨ ਜੋ 2016 ਵਿੱਚ ਵਧ ਕੇ 3,913 ਹੋ ਗਏ। ਇਸ ਤੋਂ ਬਾਅਦ 2017 ਵਿੱਚ ਇਹ ਗਿਣਤੀ 5322 ਤੇ 2018 ਵਿੱਚ 9,811 ਹੋ ਗਈ।

ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੇ 2018 ਵਿੱਚ 831 ਜਣਿਆਂ ਨੂੰ ਵਾਪਸ ਭੇਜ ਦਿੱਤਾ। 2015 ਵਿੱਚ 296, 2016 ਵਿੱਚ 387 ਤੇ 2017 ਵਿੱਚ 474 ਜਣੇ ਵਾਪਸ ਭਾਰਤ ਭੇਜੇ ਗਏ ਸਨ। ਏਜੰਸੀ ਨੇ 2015 ’ਚ 317 ਗ੍ਰਿਫ਼ਤਾਰੀਆਂ ਕੀਤੀਆਂ ਸਨ ਜੋ 2016 ਵਿੱਚ ਵਧ ਕੇ 390 ਹੋ ਗਈਆਂ। 2017 ਵਿੱਚ 536 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ 2018 ਵਿੱਚ ਗਿਣਤੀ ਵੱਧ ਕੇ 620 ਹੋ ਗਈ।