ਨਿਊਯਾਰਕ: ਅਮਰੀਕਾ ਦੇ ਅਲਬਾਮਾ 'ਚ ਰਹਿਣ ਵਾਲਾ 20 ਸਾਲਾ ਨੌਜਵਾਨ ਨੌਕਰੀ ਦੇ ਪਹਿਲੇ ਦਿਨ ਲੇਟ ਹੋਣ ਦੇ ਡਰੋਂ ਰਾਤ ਨੂੰ ਹੀ ਪੈਦਲ ਘਰੋਂ ਚੱਲ ਪਿਆ। ਦਰਅਸਲ ਵਾਲਟਰ ਨਾਂ ਦੇ ਇਸ ਨੌਜਵਾਨ ਦੀ ਕਾਰ ਖਰਾਬ ਸੀ। ਸੋ ਉਸ ਨੇ ਪੈਦਲ ਹੀ ਚੱਲਣ ਦਾ ਫੈਸਲਾ ਕੀਤਾ।

ਰਾਹ 'ਚ ਉਸ ਨੂੰ ਕੋਈ ਟੈਕਸੀ ਜਾਂ ਲਿਫਟ ਵੀ ਨਾ ਮਿਲੀ। ਅਜਿਹੇ 'ਚ ਉਸ ਨੇ ਰਾਤ ਭਰ 32 ਕਿਲੋਮੀਟਰ ਦੀ ਦੂਰੀ ਤਹਿ ਕੀਤੀ। ਕੰਮ ਪ੍ਰਤੀ ਉਸ ਦੀ ਲਗਨ ਨੂੰ ਦੇਖਦਿਆਂ ਲਾਜਿਸਟਿਕ ਕੰਪਨੀ ਬੇਲਹੋਪਸ ਫਰਮ ਦੇ ਚੀਫ ਐਗਜ਼ੀਕਿਊਟਿਵ ਲਿਊਕ ਮਾਰਕਲਿਨ ਨੇ ਉਸ ਨੂੰ ਆਪਣੀ ਕਾਰ ਤੋਹਫੇ 'ਚ ਦੇ ਦਿੱਤੀ।

ਰਾਤ ਭਰ ਪੈਦਲ ਚੱਲਣ ਤੋਂ ਬਾਅਦ ਉਹ ਸਵੇਰੇ 4 ਵਜੇ ਪੇਲਹਾਮ ਪਹੁੰਚਿਆਂ ਤਾਂ ਪੁਲਿਸ ਨੇ ਉਸ ਨੂੰ ਨਾਸ਼ਤਾ ਕਰਵਾ ਕੇ ਦੱਸੇ ਹੋਏ ਪਤੇ 'ਤੇ ਛੱਡ ਦਿੱਤਾ। ਵਾਲਟਰ ਜਦੋਂ ਸਵੇਰੇ ਦਫਤਰ ਪਹੁਚਿਆ ਤਾਂ ਉਸ ਦੀ ਸਾਥੀ ਕਰਮਚਾਰੀ ਜੇਨੀ ਲੇਮੀ ਤੇ ਉਸ ਦੇ ਪਤੀ ਨੇ ਵਾਲਟਰ ਨੂੰ ਆਰਾਮ ਕਰਨ ਲਈ ਕਿਹਾ ਪਰ ਉਹ ਸਿੱਧਾ ਕੰਮ 'ਚ ਜੁੱਟ ਗਿਆ।

ਜੇਨੀ ਉਸ ਦੀ ਕੰਮ ਪ੍ਰਤੀ ਲਗਨ ਤੋਂ ਕਾਫੀ ਪ੍ਰਭਾਵਿਤ ਹੋਈ ਤੇ ਉਸ ਨੇ ਫੇਸਬੁੱਕ 'ਤੇ 'ਗੋ ਫੰਡ ਮੀ' ਪੇਜ ਬਣਾਇਆ। ਇਸ ਪੇਜ ਜ਼ਰੀਏ ਹੁਣ ਤੱਕ ਕਰੀਬ ਸਾਢੇ ਪੰਜ ਲੱਖ ਰੁਪਏ ਆ ਚੁੱਕੇ ਹਨ। ਜੇਨੀ ਨੇ ਆਪਣੀ ਫੇਸਬੁੱਕ ਪੋਸਟ 'ਤੇ ਲਿਖਿਆ ਕਿ ਕੈਟਰੀਨਾ ਤੂਫਾਨ 'ਚ ਵਾਲਟਰ ਦਾ ਘਰ ਤਬਾਹ ਹੋ ਗਿਆ ਸੀ। ਇਸ ਤੋਂ ਬਾਅਦ ਉਹ ਆਪਣੀ ਮਾਂ ਨਾਲ ਲੁਇਸਿਆਨਾ ਤੋਂ ਅਲਬਾਮਾ ਆ ਗਿਆ ਸੀ। ਵਾਲਟਰ ਅਮਰੀਕੀ ਜਲਸੈਨਾ 'ਚ ਜਾਣਾ ਚਾਹੁੰਦਾ ਸੀ।