Hate crime against Sikhs : ਵਿਦੇਸ਼ਾਂ ਵਿੱਚ ਸਿੱਖਾਂ ਪ੍ਰਤੀ ਵਧ ਰਹੀ ਹਿੰਸਾ ਫਿਰਕ ਵਧਾ ਰਹੀ ਹੈ। ਇੱਕ ਪਾਸੇ ਸਿੱਖ ਸੰਸਥਾਵਾਂ ਵੱਲੋਂ ਭਾਰਤ ਸਰਕਾਰ ਉੱਪਰ ਦਬਾਅ ਪਾਇਆ ਜਾ ਰਿਹਾ ਹੈ ਕਿ ਵਿਦੇਸ਼ੀ ਸਰਕਾਰਾਂ ਨਾਲ ਗੱਲ ਕਰਕੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਦੂਜੇ ਪਾਸੇ ਵਿਦੇਸ਼ਾਂ ਵਿੱਚ ਸਰਗਰਮ ਸਿੱਖ ਸਿਆਸਤਦਾਨ ਵੀ ਉੱਥੋਂ ਦੀਆਂ ਸਰਕਾਰਾਂ ਉੱਪਰ ਇਸ ਲਈ ਜ਼ੋਰ ਪਾ ਰਹੀਆਂ ਹਨ।
ਇਸੇ ਤਹਿਤ ਬਰਤਾਨੀਆ ਦੀ ਸੰਸਦ ਵਿੱਚ ਵਿਰੋਧੀ ਧਿਰ ਲੇਬਰ ਪਾਰਟੀ ਦੀ ਸਿੱਖ ਮੈਂਬਰ ਪ੍ਰੀਤ ਕੌਰ ਗਿੱਲ ਨੇ ਯੂਕੇ ਦੇ ਮੰਤਰੀਆਂ ਨੂੰ ਪੱਤਰ ਲਿਖ ਕੇ ਦੇਸ਼ ’ਚ ਵਧ ਰਹੇ ਸਿੱਖ-ਵਿਰੋਧੀ ਨਫ਼ਰਤੀ ਅਪਰਾਧਾਂ ਖ਼ਿਲਾਫ਼ ‘ਤੁਰੰਤ ਕਦਮ ਚੁੱਕਣ’ ਦਾ ਸੱਦਾ ਦਿੱਤਾ ਹੈ। ਬਰਤਾਨਵੀ ਸਿੱਖਾਂ ਬਾਰੇ ਸਰਬ ਪਾਰਟੀ ਸੰਸਦੀ ਗਰੁੱਪ (ਏਪੀਪੀਜੀ) ਦੀ ਚੇਅਰਮੈਨ ਵਜੋਂ ਗਿੱਲ ਨੇ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਤੇ ਭਾਈਚਾਰਿਆਂ ਬਾਰੇ ਮੰਤਰੀ ਸਾਈਮਨ ਕਲਾਰਕ ਨੂੰ ਸਾਂਝਾ ਪੱਤਰ ਲਿਖਿਆ ਹੈ।
ਪੱਤਰ ਵਿਚ ਸੰਸਦ ਮੈਂਬਰ ਨੇ ਹਾਲ ਹੀ ਵਿਚ ਰਿਲੀਜ਼ ਹੋਏ ਨਫ਼ਰਤੀ ਅਪਰਾਧਾਂ ਬਾਰੇ ਗ੍ਰਹਿ ਵਿਭਾਗ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਹੈ। ਇਹ ਅੰਕੜੇ ਮਾਰਚ 2022 ਤੱਕ ਦੇ ਹਨ। ਪ੍ਰੀਤ ਗਿੱਲ ਨੇ ਕਿਹਾ, ‘ਮੈਂ ਇਨ੍ਹਾਂ ਨਵੇਂ ਅੰਕੜਿਆਂ ਬਾਰੇ ਕਾਫ਼ੀ ਚਿੰਤਤ ਹਾਂ। 2021-22 ਦੌਰਾਨ ਸਿੱਖਾਂ ਖ਼ਿਲਾਫ਼ 301 ਨਫ਼ਰਤੀ ਅਪਰਾਧ ਹੋਏ ਹਨ ਜੋ 2020 ਨਾਲੋਂ 112 ਵੱਧ ਹਨ। ਇਸ ਤਰ੍ਹਾਂ ਸਿੱਖਾਂ ਵਿਰੋਧੀ ਨਫ਼ਰਤੀ ਅਪਰਾਧਾਂ ’ਚ 169 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਕੁੱਲ ਮਿਲਾ ਕੇ ਧਾਰਮਿਕ ਨਫ਼ਰਤੀ ਅਪਰਾਧ 38 ਪ੍ਰਤੀਸ਼ਤ ਵਧੇ ਹਨ।’
ਲੇਬਰ ਸੰਸਦ ਮੈਂਬਰ ਨੇ ਪੱਤਰ ਵਿਚ ਇਸ ਖ਼ਤਰਨਾਕ ਰੁਝਾਨ ਬਾਰੇ ਤੁਰੰਤ ਕਦਮ ਚੁੱਕਣ ਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨਫ਼ਰਤੀ ਅਪਰਾਧਾਂ ਦੀ ਰਿਪੋਰਟਿੰਗ ਬਾਰੇ ਏਪੀਪੀਜੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਹਾਲ ਹੀ ਵਿਚ ਮਾਨਚੈਸਟਰ ਵਿਚ ਵਾਪਰੀ ਇਕ ਘਟਨਾ ਦਾ ਹਵਾਲਾ ਵੀ ਦਿੱਤਾ ਜਿੱਥੇ ਸਿੱਖ ਭਾਈਚਾਰੇ ਦੇ ਆਗੂ ਅਵਤਾਰ ਗਿੱਲ ’ਤੇ ਹਮਲਾ ਕੀਤਾ ਗਿਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।