ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਵਿਰੋਧੀ ਨੂੰ ਵੀ ਹਮਾਇਤ ਦੇ ਦਿੱਤੀ। ਜਗਮੀਤ ਸਿੰਘ ਨੂੰ ਸੰਸਦ ਵਿੱਚ ਦਿੱਤੇ ਬਿਆਨ ਬਦਲੇ ਇੱਕ ਦਿਨ ਲਈ ਕਾਰਵਾਈ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਿਸ 'ਤੇ ਟਰੂਡੋ ਨੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ।

ਦਰਅਸਲ, ਭਾਰਤੀ ਮੂਲ ਦੇ ਸਿੱਖ ਸੰਸਦ ਮੈਂਬਰ ਅਤੇ ਨਿਊ ਡੈਮਕਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਪਾਰਲੀਮੈਂਟ ਵਿੱਚ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ’ਚ ਸੰਸਥਾਗਤ ਨਸਲਵਾਦ ਖ਼ਿਲਾਫ਼ ਮਤਾ ਪੇਸ਼ ਕੀਤਾ ਸੀ। ਮਤੇ ਨੂੰ ਪ੍ਰਵਾਨ ਕਰਵਾਉਣ ਲਈ ਲੋੜੀਂਦੀ ਮਨਜ਼ੂਰੀ ਦੇਣ ਤੋਂ ਬਲੌਕ ਕਿਊਬਿਕ ਹਾਊਸ ਦੇ ਨੇਤਾ ਐਲੇਨ ਥੇਰੀਅਨ ਦੇ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਜਗਮੀਤ ਸਿੰਘ ਨੇ ਉਸ ਨੂੰ ‘ਨਸਲਵਾਦੀ’ ਆਖ ਦਿੱਤਾ ਸੀ। ਇਸ ਪੂਰੇ ਮਾਮਲੇ 'ਤੇ ਟਰੂਡੋ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਟਰੂਡੋ ਨੇ ਕਿਹਾ ਕਿ ਬਲੌਕ ਕਿਊਬਿਕ ਵੱਲੋਂ ਇਸ ਮਤੇ ਨੂੰ ਮੰਨਣ ਤੋਂ ਇਨਕਾਰ ਕਰਦੇ ਆਏ ਹਨ ਪਰ ਫਿਰ ਵੀ ਨਸਲਵਾਦ ਹੁੰਦਾ ਰਿਹਾ ਹੈ। ਰੌਚਕ ਗੱਲ ਇਹ ਹੈ ਕਿ ਜਗਮੀਤ ਸਿੰਘ ਨੇ ਕਿਸੇ ਬਾਰੇ ਅਜਿਹੇ ਸ਼ਬਦਾਂ ਬਦਲੇ ਮੁਆਫ਼ੀ ਮੰਗਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਫਿਰ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਨ੍ਹਾਂ ਦੇ ਹੱਕ ਵਿੱਚ ਭੁਗਤੇ ਹਨ।