ਓਟਾਵਾ: ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦਾ ਪਰਿਵਾਰ ਦੇਸ਼ ਦੀ ਰਾਜਧਾਨੀ ਓਟਾਵਾ ਵਿੱਚ ਆਪਣਾ ਘਰ ਛੱਡ ਕੇ ਇੱਕ ਗੁਪਤ ਟਿਕਾਣੇ ਵਿੱਚ ਚਲੇ ਗਏ ਹਨ। ਇਹ ਕਦਮ ਕੈਨੇਡਾ 'ਚ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਬਣਾਉਣ ਦੇ ਵਿਰੋਧ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਚੁੱਕਿਆ ਗਿਆ ਹੈ।

ਸਰਹੱਦ ਪਾਰ ਤੋਂ ਆਉਣ ਵਾਲੇ ਟਰੱਕ ਡਰਾਈਵਰਾਂ ਲਈ ਵੈਕਸੀਨ ਲਾਜ਼ਮੀ ਕਰਨ ਵਿਰੁੱਧ 'ਆਜ਼ਾਦੀ ਕਾਫਲੇ' ਵਜੋਂ ਸ਼ੁਰੂ ਹੋਇਆ ਰੋਸ ਟਰੂਡੋ ਸਰਕਾਰ ਦੁਆਰਾ ਲਗਾਏ ਗਏ ਕੋਰੋਨਾ ਵਾਇਰਸ ਨਿਯਮਾਂ ਦੇ ਵਿਰੁੱਧ ਵਿਸ਼ਾਲ ਵਿਰੋਧ ਵਿੱਚ ਬਦਲ ਗਿਆ ਹੈ।

ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਰਿਪੋਰਟ ਦਿੱਤੀ ਕਿ ਸ਼ਨੀਵਾਰ ਨੂੰ ਹਜ਼ਾਰਾਂ ਟਰੱਕ ਡਰਾਈਵਰ ਤੇ ਹੋਰ ਪ੍ਰਦਰਸ਼ਨਕਾਰੀ ਕੋਵਿਡ-19 ਵੈਕਸੀਨ ਆਰਡਰ ਤੇ ਹੋਰ ਜਨਤਕ ਸਿਹਤ ਪਾਬੰਦੀਆਂ ਦਾ ਵਿਰੋਧ ਕਰਨ ਲਈ ਰਾਜਧਾਨੀ ਵਿੱਚ ਇਕੱਠੇ ਹੋਏ। ਇਨ੍ਹਾਂ ਲੋਕਾਂ ਵਿੱਚੋਂ ਕੁਝ ਬੱਚੇ ਬਜ਼ੁਰਗ ਤੇ ਅਪਾਹਜ ਲੋਕ ਸਨ।

ਦ ਗਲੋਬ ਐਂਡ ਮੇਲ ਅਖਬਾਰ ਅਨੁਸਾਰ, ਪ੍ਰਦਰਸ਼ਨ ਦੌਰਾਨ ਕੁਝ ਲੋਕਾਂ ਨੇ ਅਪਮਾਨਜਨਕ ਤੇ ਅਸ਼ਲੀਲ ਬਿਆਨਬਾਜ਼ੀ ਦਾ ਸੰਕੇਤ ਵੀ ਦਿੱਤਾ, ਜੋ ਜ਼ਿਆਦਾਤਰ ਕੈਨੇਡੀਅਨ ਪ੍ਰਧਾਨ ਮੰਤਰੀ ਵੱਲ ਸੀ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਮੁੱਖ ਜੰਗੀ ਯਾਦਗਾਰ 'ਤੇ ਨੱਚਦੇ ਨਜ਼ਰ ਆਏ, ਜਿਸ ਦੀ ਕੈਨੇਡਾ ਦੇ ਚੋਟੀ ਦੇ ਸਿਪਾਹੀ ਜਨਰਲ ਵੇਨ ਆਇਰ ਤੇ ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਨਿੰਦਾ ਕੀਤੀ ਹੈ।

ਭਾਰੀ ਠੰਢ ਦੀ ਚੇਤਾਵਨੀ ਦੇ ਬਾਵਜੂਦ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਸੰਸਦੀ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਬਾਅਦ ਪੁਲਿਸ ਸੰਭਾਵੀ ਹਿੰਸਾ ਨੂੰ ਲੈ ਕੇ ਹਾਈ ਅਲਰਟ 'ਤੇ ਹੈ।



 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904