ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਅੱਜ ਅੰਗਰੇਜ਼ੀ 'ਆਉਟਲੁਕ' ਪੇਜ਼ ਦਾ ਮੈਗਜ਼ੀਨ ਚਰਚਾ 'ਚ ਹੈ। ਜਿਸਦਾ ਸਿਰਲੇਖ ਹੈ "ਖਾਲਿਸਤਾਨ ਪਾਰਟ-2, ਮੇਡ ਇਨ ਕੈਨੇਡਾ" ਤੇ ਨਾਲ ਫੋਟੋ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਲੱਗੀ ਹੋਈ ਹੈ ਜਿਹੜੇ 16 ਫਰਵਰੀ ਤੋਂ ਭਾਰਤ ਦੌਰੇ 'ਤੇ ਆ ਰਹੇ ਹਨ। ਇਸ ਮੈਗਜ਼ੀਨ 12 ਫਰਵਰੀ ਨੂੰ ਛਪ ਕੇ ਬਾਜ਼ਾਰ 'ਚ ਆਉਣਾ ਹੈ ਪਰ ਮੈਗਜ਼ੀਨ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਸ ਦੀ ਮੁੱਖ ਪੰਨਾ ਸ਼ੇਅਰ ਕੀਤਾ ਹੈ।
ਮੈਗਜ਼ੀਨ ਦੇ ਇਸ ਅਮਕ 'ਚ ਕੀ ਹੈ ਇਹ ਤਾਂ ਅਜੇ ਤੱਕ ਪਤਾ ਨਹੀਂ ਲੱਗਾ ਹੈ ਪਰ ਇਕ ਗੱਲ ਇਸੇ ਸਿਰਲੇਖ ਤੋਂ ਤੈਅ ਹੈ ਕਿ ਕੈਨੇਡਾ 'ਚ ਹੋ ਰਹੀਆਂ ਖਾਲਿਸਤਾਨੀ ਸਰਗਰਮੀਆਂ ਬਾਰੇ ਹੀ ਇਸ 'ਚ ਚਰਚਾ ਕੀਤੀ ਗਈ ਹੋਵੇਗੀ। ਇਸ ਨੂੰ ਲੈ ਕੇ ਕੈਨੇਡਾ ਦੇ ਸਿੱਖ ਭਾਈਚਾਰੇ ਵੱਲੋਂ ਸੋਸ਼ਲ ਮੀਡੀਆ 'ਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।
ਕੈਨਡਾ ਤੋਂ ਗੁਰਪ੍ਰੀਤ ਸਿੰਘ ਸਹੋਤਾ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਅ ਹੈ ਕਿ ਜਿਵੇਂ ਪਿਛਲੀ ਵਾਰ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਭਾਰਤ ਫੇਰੀ ਤੋਂ ਪਹਿਲਾਂ ਅਤੇ ਓਥੇ ਪੁੱਜਣ 'ਤੇ ਸਿੱਖਾਂ ਸਬੰਧੀ ਉਨ੍ਹਾਂ 'ਤੇ ਦਬਾਅ ਬਣਾਇਆ ਗਿਆ ਸੀ, ਉਸਤੋਂ ਕਿਤੇ ਵੱਧ ਦਬਾਅ ਟਰੂਡੋ 'ਤੇ ਬਣਾਇਆ ਜਾ ਰਿਹਾ ਤਾਂ ਕਿ ਉਹ 16 ਫਰਵਰੀ ਤੋਂ ਸ਼ੁਰੂ ਹੋ ਰਹੇ ਆਪਣੇ ਭਾਰਤੀ ਦੌਰੇ ਸਮੇਂ ਕੈਨੇਡਾ ਵਸਦੇ ਸਿੱਖਾਂ ਸਬੰਧੀ ਸਫਾਈਆਂ ਹੀ ਦੇਈਂ ਜਾਣ ਜਾਂ ਉਨ੍ਹਾਂ ਬਾਰੇ ਕੁਝ ਗਲਤ ਕਹਿਣ।
ਉਨ੍ਹਾਂ ਅੱਗੇ ਲਿਖਿਆ ਹੈ ਕਿ ਹਾਰਪਰ ਨੇ ਆਪਣੇ ਦੌਰੇ ਦੇ ਅੰਤ 'ਤੇ ਬੰਗਲੌਰ ਜਾ ਕੇ ਕਹਿ ਦਿੱਤਾ ਸੀ ਕਿ ਕੈਨੇਡਾ 'ਚ ਸਭ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ। ਉਮੀਦ ਹੈ ਕਿ ਟਰੂਡੋ ਵੀ ਇਸ ਸਬੰਧੀ ਤਿਆਰੀ ਕਰਕੇ ਹੀ ਜਾਣਗੇ।