ਵਾਸ਼ਿੰਗਟਨ-ਵਰਜੀਨੀਆ ਦੇ ਉਪ ਨਗਰ ਵਿੱਚ ਇਕ ਮਕਾਨ ’ਚ ਇਕ ਭਾਰਤੀ-ਅਮਰੀਕੀ ਔਰਤ ਅਤੇ ਉਸ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਔਰਤ ਦੀ ਪਛਾਣ ਮਾਲਾ ਮਨਵਨੀ (65) ਤੇ ਉਸ ਦੇ ਪੁੱਤਰ ਰਿਸ਼ੀ ਮਨਵਨੀ (32) ਵੱਜੋਂ ਹੋਈ ਹੈ।
ਪੁਲੀਸ ਨੂੰ ਬੁੱਧਵਾਰ ਨੂੰ ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦ ਮ੍ਰਿਤਕਾਂ ’ਚੋਂ ਇਕ ਦੇ ਸਹਿਕਰਮੀ ਨੇ ਫੋਨ ਕਰਕੇ ਪੁਲੀਸ ਨੂੰ ਜਾਣਕਾਰੀ ਦਿੱਤੀ ਕਿ ਉਹ ਇਸ ਹਫ਼ਤੇ ਤੋਂ ਕੰਮ ’ਤੇ ਨਹੀਂ ਆ ਰਿਹਾ। ਇਸ ਤੋਂ ਬਾਅਦ ਪੁਲੀਸ ਨੇ ਜਦ ਘਰ ਜਾ ਕੇ ਦੇਖਿਆ ਤਾਂ ਦੋਵੇਂ ਮ੍ਰਿਤਕ ਪਾਏ ਗਏ। ਲੂਡੋਨ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ਮੁਤਾਬਿਕ ਦੋਵਾਂ ਨੂੰ ਬੰਦੂਕ ਦੀ ਗੋਲੀ ਨਾਲ ਹਲਾਕ ਕੀਤਾ ਗਿਆ ਹੈ।
ਪੁਲੀਸ ਦਾ ਕਹਿਣਾ ਹੈ ਕੇ ਇਹ ਜਾਰੀ ਰਹਿਣ ਵਾਲਾ ਵਰਤਾਰਾ ਨਹੀਂ ਜਾਪਦਾ ਕਿਉਂਕਿ ਹਤਿਆਰੇ ਦਾ ਘਟਨਾ ਤੋਂ ਬਾਅਦ ਫ਼ਿਲਹਾਲ ਕੋਈ ਅਤਾ-ਪਤਾ ਨਹੀਂ ਹੈ। ਇਸ ਲਈ ਆਮ ਲੋਕਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਘਰ ਵਿੱਚ ਬਸ ਦੋਵੇਂ ਮਾਂ-ਪੁੱਤ ਹੀ ਰਹਿ ਰਹੇ ਸਨ।