ਟੋਕੀਓ- ਜਾਪਾਨ ਦੇ ਹੋਕਾਇਡੋ ਟਾਪੂ ਦੇ ਸਾਪੋਰੋ ਸ਼ਹਿਰ ਦੇ ਬਿਰਧ ਆਸ਼ਰਮ ‘ਚ ਕੱਲ੍ਹ ਰਾਤ ਅਚਾਨਕ ਅੱਗ ਲੱਗ ਗਈ। ਇਸ ਨਾਲ ਇਸ ਆਸ਼ਰਮ ‘ਚ ਮੌਜੂਦ 16 ਵਿੱਚੋਂ 11 ਦੀ ਹਾਦਸੇ ‘ਚ ਮੌਤ ਹੋ ਗਈ ਹੈ। ਪੰਜ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਨ੍ਹਾਂ ‘ਚੋਂ ਤਿੰਨ ਝੁਲਸ ਗਏ, ਜਿਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਮ੍ਰਿਤਕਾਂ ਵਿੱਚ ਅੱਠ ਮਰਦ ਤੇ ਤਿੰਨ ਔਰਤਾਂ ਸ਼ਾਮਲ ਸਨ।
ਅੱਗ ਲੱਗਣ ਤੋਂ ਬਾਅਦ ਇਕ ਅਣਜਾਣ ਵਿਅਕਤੀ ਨੇ ਐਮਰਜੈਂਸੀ ਸੇਵਾ ਵਿਭਾਗ ਨੂੰ ਸੂਚਨਾ ਦਿੱਤੀ ਸੀ। ਘਟਨਾ ਸਥਾਨ ‘ਤੇ ਕਰੀਬ 40 ਫਾਇਰ ਬ੍ਰਿਗੇਡ ਐਂਬੂਲੈਂਸ ਤੇ ਪੁਲਸ ਦੀਆਂ ਗੱਡੀਆਂ ਨੂੰ ਤਾਇਨਾਤ ਕੀਤਾ ਗਿਆ। ਅੱਗ ਬੁਝਾਉਣ ਦੀ ਕੋਸ਼ਿਸ਼ ਤੋਂ ਬਾਅਦ ਵੀ ਤਿੰਨ ਇਮਾਰਤਾਂ ਪੂਰੀ ਤਰ੍ਹਾਂ ਸੜ ਗਈਆਂ ਤੇ ਛੱਤ ਵੀ ਹੇਠਾਂ ਡਿੱਗ ਗਈ। ਪੁਲਸ ਅੱਗ ਲੱਗਣ ਦਾ ਕਾਰਨ ਪਤਾ ਲਾ ਰਹੀ ਹੈ।
ਬਿਰਧ ਆਸ਼ਰਮ ਦੇ ਗੁਆਂਢ ਰਹਿ ਰਹੀ 67 ਸਾਲਾ ਔਰਤ ਨੇ ਦੱਸਿਆ, ‘ਸੈਂਟਰ ‘ਚ ਗੈਸ ਸਟੋਵ ਰੱਖੇ ਸਨ। ਅੱਗ ਲੱਗਣ ਨਾਲ ਕੁਝ ਧਮਾਕੇ ਵੀ ਹੋਏ। ਸਾਡੇ ਘਰ ਨੂੰ ਹਾਲਾਂਕਿ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।’ ਗੈਰ ਸਰਕਾਰੀ ਸੰਗਠਨ ‘ਹੋਮਲੈਸ ਸਪੋਰਟ ਹੋਕਾਇਡੋ ਨੈਟਵਰਕ’ ਦੇ ਬਿਰਧ ਆਸ਼ਰਮ ‘ਚ ਘੱਟ ਉਮਰ ਵਾਲੇ ਕਰੀਬ 16 ਬਜ਼ੁਰਗ ਰਹਿ ਰਹੇ ਸਨ। ਰਾਤ ਸਮੇਂ ਆਮ ਤੌਰ ‘ਤੇ ਇਥੇ ਕੋਈ ਮੁਲਾਜ਼ਮ ਨਹੀਂ ਰਹਿੰਦਾ। ਇਸ ਲਈ ਹਾਦਸੇ ਦਾ ਸ਼ਿਕਾਰ ਸਿਰਫ ਇਸ ਸੈਂਟਰ ‘ਚ ਰਹਿਣ ਵਾਲੇ ਲੋਕ ਹੋਏ ਹਨ। ਇਸ ਤੋਂ ਪਹਿਲਾਂ ਮਾਰਚ 2010 ‘ਚ ਵੀ ਸਾਪੋਰੋ ਦੇ ਇਕ ਨਰਸਿੰਗ ਹੋਮ ‘ਚ ਅੱਗ ਲੱਗ ਗਈ ਅਤੇ ਸੱਤ ਜਣਿਆਂ ਦੀ ਮੌਤ ਹੋਈ ਸੀ।