ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਓਟਾਵਾ/ਚੰਡੀਗੜ੍ਹ: ਬੀਤੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਦਰਮਿਆਨ ਫੋਨ 'ਤੇ ਗੱਲਬਾਤ ਹੋਈ। ਭਾਰਤ ਸਰਕਾਰ (Indian Government) ਨੇ ਦਾਅਵਾ ਕੀਤਾ ਸੀ ਕਿ ਇਸ ਦੌਰਾਨ ਟਰੂਡੋ ਨੇ ਮੋਦੀ ਨਾਲ ਕੋਰੋਨਾ ਵੈਕਸੀਨ (Corona Vaccine) ਬਾਰੇ ਗੱਲ ਕੀਤੀ। ਹੁਣ ਖ਼ਬਰ ਆਈ ਹੈ ਕਿ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨੇ ਮੋਦੀ ਨਾਲ ਕਿਸਾਨ ਅੰਦੋਲਨ (farmers Protest) ਬਾਰੇ ਵੀ ਗੱਲਬਾਤ ਕੀਤੀ। ਇਹ ਦਾਅਵਾ ਕੈਨੇਡਾ ਵੱਲੋਂ ਕੀਤਾ ਗਿਆ ਹੈ। ਜਦੋਂਕਿ ਭਾਰਤ ਵੱਲੋਂ ਜਾਰੀ ਬਿਆਨ 'ਚ ਇਹ ਕਿਹਾ ਗਿਆ ਕਿ ਇਸ ਗੱਲਬਾਤ 'ਚ ਕਿਸਾਨਾਂ ਬਾਰੇ ਕਿਸੇ ਮੁੱਦੇ 'ਤੇ ਕੋਈ ਗੱਲ ਨਹੀਂ ਕੀਤੀ ਗਈ।


ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਨੇਡਾ ਨੇ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ ਹੋਵੇ। ਇਸ ਤੋਂ ਪਹਿਲਾਂ ਵੀ ਕੈਨੇਡਾ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣ ਕਰਕੇ ਭਾਰਤ ਨੇ ਤਿਖ਼ੀ ਪ੍ਰਤੀਕਿਰੀਆ ਦਿੱਤੀ ਸੀ। ਹੁਣ ਤਾਜ਼ਾ ਗੱਲਬਾਤ ਬਾਰੇ ਭਾਰਤ ਨੇ ਬਿਆਨ ਜਾਰੀ ਕਰ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਆਪਣੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਨੂੰ ਭਰੋਸਾ ਦਿੱਤਾ ਕਿ ਭਾਰਤ ਕੈਨੇਡਾ ਦੇ ਟੀਕਾਕਰਨ ਦੇ ਯਤਨਾਂ ਦਾ ਪੂਰਾ ਸਮਰਥਨ ਕਰੇਗਾ।

ਬਿਆਨ ਮੁਤਾਬਕ ਟਰੂਡੋ ਨੇ ਇਸ ਮੌਕੇ ਕਿਹਾ ਕਿ ਭਾਰਤ ਦੀ ਬੇਮਿਸਾਲ ਚਿਕਿਤਸਕ ਸੰਭਾਵਨਾ ਕੋਵਿਡ-19 ਵਿਰੁੱਧ ਲੜਾਈ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗੀ। ਉਨ੍ਹਾਂ ਭਾਰਤ ਦੀ ਇਸ ਸੰਭਾਵਨਾ ਨੂੰ ਵਿਸ਼ਵ ਨਾਲ ਸਾਂਝਾ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ। ਟਰੂਡੋ ਦੀ ਇਸ ਭਾਵਨਾ ਲਈ ਮੋਦੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ।

ਭਾਰਤ ਵੱਲੋਂ ਜਾਰੀ ਕੀਤੇ ਗਏ ਪੂਰੇ ਬਿਆਨ ਵਿੱਚ ਕਿਤੇ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਕਿਸਾਨਾਂ ਦੇ ਮੁੱਦੇ ਨੂੰ ਚੁੱਕਣ ਦਾ ਕੋਈ ਜ਼ਿਕਰ ਨਹੀਂ। ਦੂਜੇ ਪਾਸੇ, ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਨੇ ਪੀਐਮ ਮੋਦੀ ਕੋਲ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ ਸੀ। ਕੈਨੇਡਾ ਨੇ ਆਪਣੇ ਬਿਆਨ ਵਿੱਚ ਕਿਹਾ, “ਦੋਹਾਂ ਨੇਤਾਵਾਂ ਨੇ ਕੈਨੇਡਾ ਤੇ ਭਾਰਤ ਦੇ ਲੋਕਤੰਤਰੀ ਸਿਧਾਂਤਾਂ, ਤਾਜ਼ਾ ਪ੍ਰਦਰਸ਼ਨ ਤੇ ਆਪਣੀ ਗੱਲਬਾਤ ਰਾਹੀਂ ਮੇਲ-ਮਿਲਾਪ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰੇ ਕੀਤੇ। ਹੁਣ ਦੋਵਾਂ ਮੁਲਕਾਂ ਵੱਲੋਂ ਇਸ ਬਾਰੇ ਵੱਖ-ਵੱਖ ਬਿਆਨ ਜਾਰੀ ਕਰਨਾ ਰਾਜਨੀਤਕ ਮੁੱਦਾ ਵੀ ਬਣ ਸਕਦਾ ਹੈ।


ਇਹ ਵੀ ਪੜ੍ਹੋ: Accident in Texas: ਅਮਰੀਕਾ 'ਚ ਭਿਆਨਕ ਹਾਦਸਾ, 100 ਗੱਡੀਆਂ ਆਪਸ 'ਚ ਟਕਰਾਈਆਂ, ਦਿਲ-ਦਹਿਲਾਉਣ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904