ਚੰਡੀਗੜ੍ਹ: ਇਜ਼ਰਾਈਲ ਦੌਰੇ 'ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉੱਥੇ ਵੱਸਦੇ ਪੰਜਾਬੀਆਂ ਦਾ ਇੱਕ ਵਫ਼ਦ ਮਿਲਿਆ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਧਾਰਮਿਕ ਸਮਾਗਮ ਕਰਵਾਉਣ ਲਈ ਗੁਰਦੁਆਰਾ ਉਸਾਰਨ ਲਈ ਸਥਾਨਕ ਅਥਾਰਿਟੀਆਂ ਕੋਲੋਂ ਜ਼ਮੀਨ ਤੇ ਹੋਰ ਪ੍ਰਵਾਨਗੀਆਂ ਲੈਣ ਵਿੱਚ ਮਦਦ ਕੀਤੀ ਜਾਵੇ। ਇਸ ਮੌਕੇ ਮੁੱਖ ਮੰਤਰੀ ਉਨ੍ਹਾਂ ਦੇ ਹੱਥ ਦੀਆਂ ਬਣਾਈਆਂ ਸੇਵੀਆਂ ਦਾ ਸਵਾਦ ਵੀ ਚੱਖਿਆ। ਨਾਲ ਹੀ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤੀ ਸੈਨਿਕਾਂ ਖ਼ਾਸ ਕਰਕੇ ਸਿੱਖਾਂ ਦੇ ਯੋਗਦਾਨ ਬਾਰੇ ਗੱਲਬਾਤ ਕੀਤੀ। ਕੈਪਟਨ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਬਾਰੇ ਇਜ਼ਰਾਈਲ ਵਿੱਚ ਭਾਰਤੀ ਸਫ਼ੀਰ ਪਵਨ ਕਪੂਰ ਨੂੰ ਅਪੀਲ ਕਰਨਗੇ। ਉਨ੍ਹਾਂ ਸਥਾਨਕ ਪੰਜਾਬੀਆਂ ਨੂੰ ਵੀ ਰਾਜਦੂਤ ਨਾਲ ਮਿਲਣ ਦੀ ਸਲਾਹ ਦਿੱਤੀ। ਮੁੱਖ ਮੰਤਰੀ ਨੇ ਵਫ਼ਦ ਨੂੰ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਨ੍ਹਾਂ ਮੁੱਦਿਆਂ ’ਤੇ ਸਥਾਨਕ ਪ੍ਰਸ਼ਾਸਨ ਦੇ ਬਹੁਤ ਸਖ਼ਤ ਦਿਸ਼ਾ-ਨਿਰਦੇਸ਼ ਹਨ ਤੇ ਇਸ ਬਾਰੇ ਦੂਤਾਵਾਸ ਦੇਖੇਗਾ ਕਿ ਕੀ ਕੀਤਾ ਜਾ ਸਕਦਾ ਹੈ। ਵਫ਼ਦ ਨੇ ਗ਼ੈਰਕਾਨੂੰਨੀ ਏਜੰਟਾਂ ਵੱਲੋਂ ਇਜ਼ਰਾਈਲ ਦੌਰੇ ਲਈ ਵੀਜ਼ਾ ਮੰਗਣ ਵਾਲੇ ਪੰਜਾਬੀ ਨੌਜਵਾਨਾਂ ਨਾਲ ਠੱਗੀਆਂ ਮਾਰਨ ਦਾ ਮਾਮਲਾ ਵੀ ਉਠਾਇਆ। ਇਸ ਸਬੰਧੀ ਕੈਪਟਨ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਅਜਿਹੇ ਏਜੰਟਾਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਹੋਈ ਹੈ ਅਤੇ ਸੂਬੇ ਵਿੱਚ ਇਸ ਦੇ ਪਾਸਾਰ ਨੂੰ ਠੱਲ੍ਹ ਪਾਉਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਜ਼ਰਾਈਲ ਫੇਰੀ ਦੇ ਆਖ਼ਰੀ ਦਿਨ ਅੱਜ ਮੁੱਖ ਮੰਤਰੀ ਨੇ ਹੌਫ ਹਾਸ਼ਰੋਨ ਵਿੱਚ ਅਫਿਕਿਮ ਡੇਅਰੀ ਫਾਰਮ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਡੇਅਰੀ ਫਾਰਮਿੰਗ ਦੀ ਗੁਣਵੱਤਾ ਵਧਾਉਣ ਲਈ ਵਰਤੀਆਂ ਜਾ ਰਹੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨਾਲ ਚਾਰੇ ਦੀਆਂ ਵੱਖ-ਵੱਖ ਕਿਸਮਾਂ ਦੇ ਨਾਲ-ਨਾਲ ਫਾਰਮ ਦੇ ਪਸ਼ੂਆਂ ਦੀ ਸੰਭਾਲ ਤੇ ਸਾਫ਼-ਸਫ਼ਾਈ ਬਾਰੇ ਵੀ ਵਿਚਾਰ-ਚਰਚਾ ਕੀਤੀ। ਇਜ਼ਰਾਈਲ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਫ਼ਾਈ, ਸੰਭਾਲ ਅਤੇ ਪੌਸ਼ਟਿਕ ਖ਼ੁਰਾਕ ਦੇ ਨਾਲ-ਨਾਲ ਪੀਣ ਵਾਲੇ ਸਾਫ਼ ਪਾਣੀ ਸਦਕਾ ਦੁੱਧ ਉਤਪਾਦਨ ਵੱਧ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹਰੇਕ ਗਾਂ ਨੂੰ ਪ੍ਰਤੀ ਦਿਨ 120 ਲੀਟਰ ਪਾਣੀ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੱਖਿਆਂ ਦੇ ਨਾਲ-ਨਾਲ ਫੁਹਾਰਿਆਂ ਰਾਹੀਂ ਛਿੜਕਾਅ ਵੀ ਪਸ਼ੂਆਂ ਉੱਪਰ ਕੀਤਾ ਜਾਂਦਾ ਹੈ।