ਚੰਡੀਗੜ੍ਹ: ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮ ਪੰਜਾ ਸਾਹਿਬ, ਹਸਨ ਅਬਦਾਲ ਵਿਖੇ ਮਰਿਆਦਾ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਸਾਹਿਬ ‘ਚ ਇੱਕ ਫਿਲਮ ਦੀ ਸ਼ੂਟਿਗ ਦੌਰਾਨ ਸਟਾਰ ਕਾਸਟ ਜੁੱਤੀਆਂ ਪਾ ਕੇ ਸ਼ੂਟਿੰਗ ਕਰਦੀ ਦਿਖਾਈ ਦਿੱਤੀ। ਇਸ ਦੌਰਾਨ ਵੱਡੀ ਗਿਣਤੀ ਮੁਸਲਿਮ ਕਲਾਕਾਰਾਂ ਵੱਲੋਂ ਸਿਰ ਤੇ ਪੱਗਾਂ ਬੰਨ੍ਹੀਆਂ ਹੋਈਆਂ ਸਨ। ਇਸ ਦਾ ਉੱਥੇ ਮੌਜੂਦ ਸੰਗਤ ਵੱਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਇੱਕ ਸ਼ਰਧਾਲੂ ਦੀ ਸਟਾਰ ਕਾਸਟ ਨਾਲ ਤਿੱਖੀ ਬਹਿਸ ਹੋਈ ਤੇ ਉਸ ਵੱਲੋਂ ਮੌਕੇ ਦੀ ਵੀਡੀਓ ਵੀ ਬਣਾਈ ਗਈ। 


'ਏਬੀਪੀ ਸਾਂਝਾ' ਵੱਲੋਂ ਜਦੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨਾਲ ਰਾਬਤਾ ਕੀਤਾ ਗਿਆ ਤਾਂ ਆਪਣਾ ਨਾਮ ਗੁਪਤ ਰੱਖਣ ਦੀ ਸੂਰਤ ‘ਚ ਉਨ੍ਹਾਂ ਕਿਹਾ ਕਿ ਬੇਸ਼ੱਕ ਗੁਰਧਾਮਾਂ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਪਰ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਸਾਹਿਬਾਨ ਵਿੱਚ ਕੇਅਰ ਟੇਕਰ ਦੇ ਨਾਮ ਤੇ ਭਰਤੀ ਕੀਤੀ ਗਈ ਹੈ। ਸਾਰੇ ਇਤਿਹਾਸਕ ਗੁਰਧਾਮਾਂ ‘ਚ ਵੱਡੀ ਗਿਣਤੀ ‘ਚ ਕੇਅਰ ਟੇਕਰ ਮੌਜੂਦ ਹਨ ਜਿਨ੍ਹਾਂ ਦੀ ਸਹਿਮਤੀ ਨਾਲ ਹੀ ਇਹ ਸਭ ਘਟਨਾਵਾ ਵਾਪਰ ਰਹੀਆਂ ਹਨ ਜਿਨ੍ਹਾ ‘ਚ ਸਿੱਧੇ ਤੌਰ ਤੇ ਸਰਕਾਰ ਦਾ ਦਖਲ ਹੈ।


ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਮਾਡਲ ਵੱਲੋਂ ਕਰਤਾਰਪੁਰ ਸਾਹਿਬ ‘ਦੇ ਬਾਹਰ ਖੜ੍ਹ ਕਿਸੇ ਨਿੱਜੀ ਕੰਪਨੀ ਦੀ ਮਸ਼ਹੂਰੀ ਕਾਰਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਜਿਸ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ। ਦੋ ਮਹੀਨੇ ਪਹਿਲਾਂ ਇਤਿਹਾਸਕ ਮਜ਼ਾਰ ਦੇ ਨਜ਼ਦੀਕ ਧਮਾਲ ਪਉਂਦੇ ਲੋਕਾਂ ਦੀ ਵੀ ਤਸਵੀਰ ਸਾਹਮਣੇ ਆਉਣ ਨਾਲ ਕਾਫੀ ਵਿਵਾਦ ਪੈਦਾ ਹੋਇਆ ਸੀ।


ਜ਼ਿਕਰ ਕਰ ਦਈਏ ਕਿ ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਇਲਾਕੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿੱਚ ਮਰਿਆਦਾ ਭੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਮ ‘ਲਾਹੌਰ-ਲਾਹੌਰ ਏ’ ਦੀ ਸ਼ੂਟਿੰਗ ਗੁਰਦੁਆਰੇ ਵਿੱਚ ਹੋਈ। ਇਸ ਦੌਰਾਨ ਸਟਾਰ ਕਾਸਟ ਤੇ ਟੀਮ ਜੁੱਤੀਆਂ ਪਾ ਕੇ ਗੁਰਦੁਆਰੇ 'ਚ ਸ਼ੂਟਿੰਗ ਕਰਦੇ ਨਜ਼ਰ ਆਏ। ਇਹ ਦੇਖ ਕੇ ਇੱਕ ਸ਼ਰਧਾਲੂ ਟੀਮ ਨਾਲ ਉਲਝ ਗਿਆ ਤੇ ਘਟਨਾ ਦੀ ਵੀਡੀਓ ਬਣਾ ਲਈ।  ਫਿਲਮ ਦੀ ਸ਼ੂਟਿੰਗ ਦੌਰਾਨ 10 ਤੋਂ ਵੱਧ ਮੁਸਲਿਮ ਕਲਾਕਾਰ ਗੁਰਦੁਆਰੇ ਵਿੱਚ ਦਸਤਾਰਾਂ ਬੰਨ੍ਹ ਕੇ ਸ਼ੂਟਿੰਗ ਕਰ ਰਹੇ ਸਨ। ਗੁਰਦੁਆਰਾ ਸਾਹਿਬ ਵਿਖੇ ਆਈ ਸੰਗਤ ਨੇ ਜਦੋਂ ਸਟਾਰ ਕਾਸਟ ਤੇ ਟੀਮ ਨੂੰ ਜੁੱਤੀਆਂ ਪਾ ਕੇ ਅੰਦਰ ਜਾਂਦੇ ਦੇਖਿਆ ਤਾਂ ਉਨ੍ਹਾਂ ਵਿਰੋਧ ਕੀਤਾ। ਸੰਗਤ ਨੇ ਇਸ ਦੀ ਵੀਡੀਓ ਵੀ ਬਣਾਈ ਤੇ ਵਾਇਰਲ ਕਰ ਦਿੱਤੀ। ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੀ ਫਿਲਮ ਦੀ ਸਟਾਰ ਕਾਸਟ ਨੂੰ ਸਿੱਖ ਧਰਮ ਤੇ ਮਰਿਆਦਾ ਬਾਰੇ ਦੱਸਦੇ ਹੋਏ ਦਿਖਾਈ ਦੇ ਰਹੇ ਹਨ।