Nagar Kirtan in Canada: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 419ਵੇਂ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿੱਥੇ ਪੰਜਾਬ ਭਰ ਵਿੱਚ ਤਿਆਰੀਆਂ ਅਰੰਭ ਹੋ ਗਈਆਂ ਹਨ, ਉਸੇ ਤਰ੍ਹਾਂ ਵਿਦੇਸ਼ਾਂ ਵਿੱਚ ਵੀ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਸ਼ਾਲ ਤੇ ਅਲੋਕਿਕ ਨਗਰ ਕੀਰਤਨ ਸਜਾਏ ਗਏ ਜਿਸ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਗੁਰੂ ਚਰਨਾਂ ਵਿੱਚ ਅਪਣੀ ਹਾਜ਼ਰੀ ਲਵਾਈ।


ਓਂਟਾਰੀਓ ਵਿੱਚ ਵਿਸ਼ੇਸ਼ ਤੌਰ 'ਤੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਸਵੇਰੇ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਇਸ ਵਿੱਚ ਬਹੁਤ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਨੀਲੀਆਂ ਤੇ ਕੇਸਰੀ ਦਸਤਾਰਾਂ ਸਜਾ ਕੇ ਸ਼ਾਮਲ ਹੋਈਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਬੇਹੱਦ ਖ਼ੂਬਸੂਰਤ ਤਰੀਕੇ ਨਾਲ ਸ਼ੰਗਾਰਿਆ ਗਿਆ ਸੀ। ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਨਾਲ ਚੱਲ ਰਹੀਆਂ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਤੋਂ ਪ੍ਰਸਿੱਧ ਵਿਦਵਾਨ ਕਥਾਵਾਚਕ ਕੀਰਤਨੀਏ ਤੇ ਕਵੀਸ਼ਰ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡਮੁਲਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ।


ਇਸੇ ਤਰ੍ਹਾਂ ਕੈਨੇਡਾ ਦੇ ਬ੍ਰਿਟਸ਼ ਕੋਲੰਬਿਆ ਵਿੱਚ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਸਫੋਰਡ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਵਿੱਚ ਸੰਗਤਾਂ ਵਧ ਚੜ੍ਹ ਕੇ ਸ਼ਾਮਲ ਹੋਈਆਂ। ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਦੀਵਾਨ ਸਜੇ। ਇਸ ਉਪਰੰਤ 11 ਵਜੇ ਨਗਰ ਕੀਰਤਨ ਦੀ ਅਰੰਭਤਾ ਹੋਈ ਤੇ ਸਾਰਾ ਦਿਨ ਪੂਰਾ ਸ਼ਹਿਰ ਖਾਲਸਾਈ ਰੰਗ ਵਿੱਚ ਰੰਗਿਆ ਨਜ਼ਰ ਆਇਆ। ਵਿਸ਼ੇਸ਼ ਤੌਰ ਤੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ। ਇਸ ਤੋਂ ਇਲਾਵਾ ਵਿਨੀਪੈਗ ‘ਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਮੌਕੇ ਰੌਣਕਾਂ ਵੇਖਿਆਂ ਹੀ ਬਣਦੀਆਂ ਸਨ।


ਇਹ ਵੀ ਪੜ੍ਹੋ: Health Benefits: ਕਿਤੇ ਤੁਸੀਂ ਵੀ ਕੂੜੇ 'ਚ ਤਾਂ ਨਹੀਂ ਸੁੱਟੇ ਦਿੰਦੇ ਆਲੂ ਦੇ ਛਲਕੇ? ਖੂਬੀਆਂ ਜਾਣ ਕੇ ਅਜਿਹਾ ਕਰਨ ਲੱਗੇ 100 ਵਾਰ ਸੋਚੋਗੇ


ਇਤਿਹਾਸ ਦੱਸਦਾ ਹੈ ਕਿ ਸੰਨ 1604 ਈਸਵੀ ‘ਚ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਦੀ ਉਪਾਧੀ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ। ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਗੁਰਬਾਣੀ ਲਿਖਣ ਦਾ ਕਾਰਜ ਸੌਂਪਿਆ ਤੇ ਜਿਸ ਨੂੰ ਭਾਈ ਸਾਹਿਬ ਨੇ ਬਾਖੂਬੀ ਨਿਭਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ ਤੋਂ ਇਲਾਵਾ 15 ਭਗਤਾਂ, 4 ਗੁਰਸਿੱਖਾਂ ਤੇ 11 ਭੱਟ ਸਾਹਿਬਾਨ ਦੀ ਬਾਣੀ 31 ਰਾਗਾਂ ਵਿਚ ਦਰਜ ਹੈ।


ਇਹ ਵੀ ਪੜ੍ਹੋ: Viral News: ਸਮਾਰਟਫੋਨ ਨੂੰ ਲੈ ਕੇ ਇਸ ਪਿੰਡ ਦਾ ਅਨੋਖਾ ਨਿਯਮ, ਦੁਨੀਆ ਭਰ 'ਚ ਹੋ ਰਹੀ ਤਾਰੀਫ!