ਚੰਡੀਗੜ੍ਹ: ਚੀਨ ਦੀ ਈ-ਕਾਮਰਸ ਕੰਪਨੀ ‘ਅਲੀਬਾਬਾ’ ਦੇ ਸਹਿ-ਸੰਸਥਾਪਕ ਤੇ ਕਾਰਜਕਾਰੀ ਪ੍ਰਧਾਨ ਜੈਕ ਮਾ ਨੇ ਕਿਹਾ ਹੈ ਕਿ ਉਹ ਸੋਮਵਾਰ ਨੂੰ ਰਿਟਾਇਰ ਹੋਣਗੇ। ਇਸ ਪਿੱਛੋਂ ਉਹ ਸਿੱਖਿਆ ਖੇਤਰ ਵਿੱਚ ਮਨੁੱਖੀ ਸੇਵਾ ’ਚ ਜੁਟਣਗੇ। 'ਨਿਊਯਾਰਕ ਟਾਈਮਜ਼' ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਰਿਟਾਇਰਮੈਂਟ ਇੱਕ ਯੁਗ ਦਾ ਅੰਤ ਨਹੀਂ ਬਲਕਿ ਇੱਕ ਯੁਗ ਦੀ ਸ਼ੁਰੂਆਤ ਹੈ।

ਮਾ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖਿਆ ਪਸੰਦ ਹੈ। ਉਹ ਆਪਣਾ ਜ਼ਿਆਦਾ ਸਮਾਂ ਤੇ ਪੈਸਾ ਇਸੇ ਖੇਤਰ ਵਿੱਚ ਲਾਉਣਗੇ। ਮਾ ਅੰਗਰੇਜ਼ੀ ਦਾ ਅਧਿਆਪਕ ਵੀ ਰਹਿ ਚੁੱਕੇ ਹਨ। ਉਨ੍ਹਾਂ 17 ਹੋਰ ਲੋਕਾਂ ਨਾਲ ਮਿਲ ਕੇ 1999 ਵਿੱਚ ਚੀਨ ਦੇ ਝੇਜਿਯਾਂਗ ਦੇ ਹਾਂਗਝੂ ਵਿੱਚ ਆਪਣੇ ਘਰ ’ਚ ਅਲੀਬਾਬਾ ਦੀ ਸਥਾਪਨਾ ਕੀਤੀ ਸੀ। ਯਾਦ ਰਹੇ ਕਿ ਜੈਕ ਮਾ ਚੀਨ ਦੇ ਸਭ ਤੋਂ ਅਮੀਰ ਆਦਮੀ ਹਨ। ਜੈਕ ਮਾ ਨੂੰ ਚੀਨ ਦੇ ਕਈ ਘਰਾਂ ਵਿੱਚ ਰੱਬ ਵਾਂਗ ਪੂਜਿਆ ਜਾਂਦਾ ਹੈ। ਉੱਥੋਂ ਦੇ ਕਈ ਘਰਾਂ ਵਿੱਚ ਉਨ੍ਹਾਂ ਦੀ ਤਸਵੀਰ ਵੇਖੀ ਜਾ ਸਕਦੀ ਹੈ।

ਜੈਕ ਮਾ ਨੇ ਕਿਹਾ ਹੈ ਕਿ ਅਲੀਬਾਬਾ ਦੇ ਬੋਰਡ ਆਫ ਡਾਇਰੈਕਟਰਜ਼ ਦਾ ਮੈਂਬਰ ਬਣੇ ਰਹਿਣਗੇ ਤੇ ਕੰਪਨੀ ਦੀ ਦੇਖ-ਰੇਖ ਕਰਨਗੇ। ਅੱਜ ਉਹ 54 ਸਾਲ ਦੇ ਹੋ ਗਏ ਹਨ। ਇਸ ਦਿਨ ਚੀਨ ਵਿੱਚ ਕੌਮੀ ਛੁੱਟੀ ਹੁੰਦੀ ਹੈ। ਇਸ ਤੋਂ ਇਲਾਵਾ ਇਹ ਦਿਨ ਚੀਨ ਵਿੱਚ ਸਿੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅਲੀਬਾਬਾ ਦੀ ਸਾਲਾਨਾ ਕਮਾਈ ਲਗਪਗ 250 ਅਰਬ ਯੂਆਨ (40 ਅਰਬ ਡਾਲਰ) ਹੈ।

ਜੈਕ ਮਾ ਦੀ ਥਾਂ ’ਤੇ ਹੁਣ ਡੈਨੀਅਲ ਝੈਂਗ ਨੂੰ ਕੰਪਨੀ ਦਾ ਨਵਾਂ ਸੀਈਓ ਬਣਾਇਆ ਜਾਏਗਾ। ਡੈਨੀਅਲ 10 ਸਤੰਬਰ 2019 ਤੋਂ ਅਹੁਦਾ ਸੰਭਾਲੇਗਾ। ਯਾਨੀ ਜੈਕ ਮਾ ਅਗਲੇ ਇੱਕ ਸਾਲ ਹੋਰ ਕੰਪਨੀ ਦੇ ਸੀਈਓ ਬਣੇ ਰਹਿਣਗੇ। ਡੈਨੀਅਲ 2007 ਵਿੱਚ ਅਲੀਬਾਬਾ ਗਰੁੱਪ ਦਾ ਹਿੱਸਾ ਬਣਿਆ ਸੀ।