ਬੀਜਿੰਗ: ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਇੱਕ ਰਿਹਾਇਸ਼ੀ ਭਾਈਚਾਰੇ ਨੇ ਆਪਣੀ ਤਰ੍ਹਾਂ ਦਾ ਪਹਿਲਾ ‘ਰੋਬੋਟ ਚੌਕੀਦਾਰ’ ਤਾਇਨਾਤ ਕੀਤਾ ਹੈ। ਇਹ ਲੋਕਾਂ ਦੇ ਚਿਹਰੇ ਦੀਆਂ ਤਸਵੀਰਾਂ ਕੈਦ ਕਰ ਸਕਦਾ ਹੈ ਤੇ ਉਨ੍ਹਾਂ ਨਾਲ ਗੱਲਬਾਤ ਵੀ ਕਰ ਸਕਦਾ ਹੈ। ਇਸ ਰੋਬੋਟ ਕਰਕੇ ਹੁਣ ਰਾਤ ਵੇਲੇ ਕਿਸੇ ਵਿਅਕਤੀ ਨੂੰ ਚੌਕੀਦਾਰੀ ਕਰਨ ਦੀ ਲੋੜ ਨਹੀਂ ਪਏਗੀ। ਰੋਬੋਟ ਦੀ ਖ਼ਾਸ ਗੱਲ ਇਹ ਹੈ ਕਿ ਇਹ ਮੌਸਮ ਦੀ ਭਵਿੱਖਬਾਣੀ ਵੀ ਕਰ ਸਕੇਗਾ ਤੇ ਇਹ ਮਜ਼ੇਦਾਰ ਕਹਾਣੀਆਂ ਤੇ ਗੀਤ ਵੀ ਸਣਾਉਂਦਾ ਹੈ।
ਬੀਜਿੰਗ ਏਅਰੋਸਪੇਸ ਆਟੋਮੈਟਿਕ ਕੰਟ੍ਰੋਲ ਇੰਸਟੀਚਿਊਟ (ਬੀਏਏਸੀਆਈ) ਦੇ ਪ੍ਰੋਜੈਕਟ ਨਿਰਦੇਸ਼ਕ ਲਿਊ ਗਾਂਗਜੂਨ ਨੇ ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੂੰ ਦੱਸਿਆ ਕਿ ਰੋਬੋਟ ‘ਮੇਈਬਾਓ’ (Meibao) ਨਾ ਸਿਰਫ਼ ਗੈਰ ਕਾਨੂੰਨੀ ਗਤੀਵਿਧੀਆਂ ’ਤੇ ਨਜ਼ਰ ਰੱਖਦਾ ਹੈ ਬਲਕਿ ਬੀਜਿੰਗ ਵਿੱਚ ਮੇਈਯੁਆਨ ਭਾਈਚਾਰੇ ਦੇ ਲੋਕਾਂ ਨੂੰ ਜ਼ਰੂਰੀ ਜਾਣਕਾਰੀ ਵੀ ਦਿੰਦਾ ਹੈ।
ਉਨ੍ਹਾਂ ਦੱਸਿਆ ਕਿ ਦਸੰਬਰ 2018 ਤੋਂ ਅਪਰੈਲ 2019 ਇਸ ਰੋਬੋਟ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਬੀਏਏਸੀਆਈ ਨੇ ਚਾਈਨਾ ਅਕੈਡਮੀ ਆਫ ਲਾਂਚ ਵ੍ਹੀਕਲ ਤਕਨੀਕ ਦੀ ਮਦਦ ਨਾਲ ਇਸ ਨੂੰ ਵਿਕਸਿਤ ਕੀਤਾ ਹੈ। ਜੇ ਇਸ ਨੂੰ ਸੁਸਾਇਟੀ ਵਿੱਚ ਕੋਈ ਸ਼ੱਕੀ ਦਿੱਸਦਾ ਹੈ ਤਾਂ ਮੇਈਬਾਓ ਉਸ ਨੂੰ ਪਛਾਣ ਲਏਗਾ ਤੇ ਅਲਾਰਮ ਦੇਵੇਗਾ।