ਨਵੀਂ ਦਿੱਲੀ: ਜਿੱਥੇ 73 ਦਿਨਾਂ ਤਕ ਭਾਰਤੀ ਫੌਜ ਨਾਲ ਖਹਿਣ ਕਾਰਨ ਦੋਵਾਂ ਦੇਸ਼ਾਂ ਵਿੱਚ ਤਣਾਅ ਬਣਿਆ ਰਿਹਾ, ਉਸੇ ਥਾਂ 'ਤੇ ਮੁੜ ਚੀਨ ਨੇ ਫ਼ੌਜ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ ਹੈ। ਚੀਨ ਦੀ ਇਸ ਕਾਰਵਾਈ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੋਵਾਂ ਦੇਸ਼ਾਂ ਦਾ ਸਰਹੱਦ 'ਤੇ ਤਣਾਅ ਘੱਟ ਨਹੀਂ ਹੋਇਆ।


ਸੂਤਰਾਂ ਦਾ ਕਹਿਣਾ ਹੈ ਕਿ ਡੋਕਲਾਮ ਵਿੱਚ ਚੀਨ ਆਪਣੇ ਫ਼ੌਜੀਆਂ ਦੀ ਗਿਣਤੀ ਨੂੰ ਹੌਲੀ-ਹੌਲੀ ਵਧਾ ਰਿਹਾ ਹੈ। ਇਸ ਕਾਰਨ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਾਲਾਤ ਵਿਗੜ ਸਕਦੇ ਹਨ। ਇਸ 'ਤੇ ਭਾਰਤ ਦਾ ਚਿੰਤਾ ਜ਼ਾਹਰ ਕਰਨਾ ਬਣਦਾ ਹੈ। ਡੋਕਲਾਮ ਪਠਾਰ ਦੀ ਚੁੰਬੀ ਘਾਟੀ 'ਚ ਚੀਨੀ ਫ਼ੌਜ ਦੀ ਹਾਜ਼ਰੀ ਕਾਰਨ ਵਧ ਰਹੇ ਤਣਾਅ ਬਾਰੇ ਸੰਕੇਤ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਬੀ.ਐਸ. ਧਨੋਆ ਦੀ ਗੱਲ ਤੋਂ ਵੀ ਮਿਲਦੇ ਹਨ।

ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਦੋਵੇਂ ਪੱਖ ਸਿੱਧੇ ਤੌਰ 'ਤੇ ਆਹਮੋ-ਸਾਹਮਣੇ ਨਹੀਂ ਹਨ, ਹਾਲਾਂਕਿ ਚੁੰਬੀ ਘਾਟੀ ਵਿੱਚ ਹਾਲੇ ਵੀ ਫ਼ੌਜ ਤਾਇਨਾਤ ਹੈ ਤੇ ਉਹ ਆਸ ਕਰਦੇ ਹਨ ਕਿ ਇਨ੍ਹਾਂ ਦੀ ਵਾਪਸੀ ਛੇਤੀ ਹੋ ਜਾਣੀ ਚਾਹੀਦੀ ਹੈ। ਦੱਸ ਦੇਈਏ ਕਿ ਡੋਕਲਾਮ ਖੇਤਰ ਚੀਨ ਤੇ ਭੂਟਾਨ ਦਰਮਿਆਨ ਇੱਕ ਵਿਵਾਦ ਵਾਲਾ ਮੁੱਦਾ ਰਿਹਾ ਹੈ ਤੇ ਭਾਰਤ ਵੱਲੋਂ ਭੂਟਾਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇਸੇ ਕਾਰਨ ਭਾਰਤ ਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਬੀਤੀ 16 ਜੂਨ ਤੋਂ ਲੈ ਕੇ 28 ਅਗਸਤ ਤਕ ਟਕਰਾਅ ਵਾਲੀ ਹਾਲਤ ਬਣੀ ਰਹੀ ਸੀ।

ਇਹ ਟਕਰਾਅ ਇਸ ਲਈ ਵੀ ਤੇਜ਼ ਹੋ ਗਿਆ ਸੀ ਕਿਉਂਕਿ ਭਾਰਤੀ ਫ਼ੌਜ ਨੇ ਡੋਕਲਾਮ ਵਿੱਚ ਚੀਨ ਨੂੰ ਸੜਕ ਨਿਰਮਾਣ ਤੋਂ ਰੋਕ ਦਿੱਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਡੋਕਲਾਮ ਪਠਾਰ 'ਤੇ ਚੀਨੀ ਫ਼ੌਜ ਨੂੰ ਤਾਇਨਾਤ ਕੀਤਾ ਗਿਆ ਹੈ, ਪਰ ਸਰਦੀਆਂ ਵਿੱਚ ਉਹ ਇਲਾਕਾ ਛੱਡ ਕੇ ਚਲੇ ਜਾਂਦੇ ਹਨ।