ਨਵੀਂ ਦਿੱਲੀ: ਉੜੀ ਹਮਲੇ ਤੋਂ ਬਾਅਦ ਭਾਰਤ ਦੇ ਸਖ਼ਤ ਰੁਖ ਨੂੰ ਦੇਖਦੇ ਹੋਏ ਚੀਨ ਤੇ ਪਾਕਿਸਤਾਨ ਦੀ ਮਿਲੀਭੁਗਤ ਸਾਹਮਣੇ ਆ ਗਈ ਹੈ। ਭਾਰਤ ਨੂੰ ਚੇਤਾਵਨੀ ਦਿੰਦੇ ਹੋਏ ਚੀਨ ਨੇ ਆਖਿਆ ਹੈ ਕਿ ਪਾਕਿਸਤਾਨ ਖ਼ਿਲਾਫ਼ ਕੋਈ ਵੀ ਕਾਰਵਾਈ ਉਹ ਬਹੁਤ ਸੋਚ ਸਮਝ ਕੇ ਕਰੇ।
ਦਰਅਸਲ ਪੀ.ਓ.ਕੇ. ਵਿੱਚ ਚੀਨ ਦਾ ਕਰੀਬ 46 ਅਰਬ ਰੁਪਏ ਦਾ ਨਿਵੇਸ਼ ਹੈ। ਇਸ ਦੇ ਚੱਲਦੇ ਹੋਏ ਜੇਕਰ ਭਾਰਤ ਪੀ.ਓ.ਕੇ. ਵਿੱਚ ਵੱਡੀ ਕਾਰਵਾਈ ਕਰਦਾ ਹੈ ਤਾਂ ਇਸ ਦਾ ਸਿੱਧਾ ਅਸਰ ਚੀਨ ਉੱਤੇ ਪਵੇਗਾ। ਦੂਜੇ ਪਾਸੇ ਭਾਰਤ ਦੀ ਕੌਮਾਂਤਰੀ ਪੱਧਰ ਉੱਤੇ ਪਾਕਿਸਤਾਨ ਨੂੰ ਵੱਖ-ਵੱਖ ਕਰਨ ਦੀ ਕੋਸ਼ਿਸ਼ ਰੰਗ ਲਿਆਉਣ ਲੱਗੀ ਹੈ।
ਰੂਸ ਨੇ ਪਾਕਿਸਤਾਨ ਨੂੰ MI-35 ਹੈਲੀਕਾਪਟਰ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਭਾਰਤ ਵੱਲੋਂ ਰੂਸ ਨੂੰ ਪੀ.ਓ.ਕੇ. ਵਿੱਚ ਸੈਨਿਕ ਅਭਿਆਸ ਨਾ ਕਰਨ ਦੀ ਅਪੀਲ ਵੀ ਰੰਗ ਵੀ ਲਿਆਉਣ ਲੱਗੀ ਹੈ। ਭਾਰਤ ਦੀ ਅਪੀਲ ਨੂੰ ਰੂਸ ਨੇ ਤੁਰੰਤ ਮੰਨਦੇ ਹੋਏ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦਾ ਸੈਨਿਕ ਅਭਿਆਸ ਨਾ ਕਰਨ ਦਾ ਫ਼ੈਸਲਾ ਲਿਆ ਹੈ।
ਪੀ.ਓ.ਕੇ. ਵਿੱਚ ਰੂਸ ਤੇ ਪਾਕਿਸਤਾਨ ਵਿਚਕਾਰ ਅਗਲੇ ਮਹੀਨੇ ਸੈਨਿਕ ਅਭਿਆਸ ਹੋਣਾ ਸੀ। ਯਾਦ ਰਹੇ ਕਿ ਕਸ਼ਮੀਰ ਦੇ ਉੜੀ ਵਿੱਚ ਦਹਿਸ਼ਤਗਰਦਾਂ ਨੇ ਸੈਨਾ ਦੇ ਕੈਂਪ ਉੱਤੇ ਹਮਲਾ ਕੀਤਾ ਸੀ ਜਿਸ ਵਿੱਚ 18 ਸੈਨਿਕ ਸ਼ਹੀਦ ਹੋ ਗਏ ਸਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਨੇ ਪਾਕਿਸਤਾਨ ਪ੍ਰਤੀ ਸਖ਼ਤ ਰੁਖ ਅਖ਼ਤਿਆਰ ਕੀਤਾ ਹੋਇਆ ਹੈ।