ਸੰਯੁਕਤ ਰਾਸ਼ਟਰ : ਅਮਰੀਕਾ ਦੌਰੇ ਉੱਤੇ ਗਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਕਸ਼ਮੀਰ ਦਾ ਰਾਗ ਛੇੜ ਦਿੱਤਾ ਹੈ। ਸ਼ਰੀਫ਼ ਨੇ ਸੋਮਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨਾਲ ਮੁਲਾਕਾਤ ਕਰ ਕੇ ਕਸ਼ਮੀਰ ਮੁੱਦੇ ਉੱਤੇ ਸਮਰਥਨ ਦੀ ਮੰਗ ਕੀਤੀ। ਸ਼ਰੀਫ਼ ਨੇ ਕੈਰੀ ਨੂੰ ਆਖਿਆ ਕਿ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਸ਼ਰੀਫ਼ ਨੇ ਤੱਥ ਪੇਸ਼ ਕਰਦਿਆਂ ਆਖਿਆ ਕਿ ਹੁਣ ਤੱਕ ਵਾਦੀ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਰੀਫ ਨੇ ਆਖਿਆ ਕਿ ਕਸ਼ਮੀਰ ਵਿੱਚ ਨੌਜਵਾਨਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਨਵੀਂ ਜਾਨ ਪਾ ਦਿੱਤੀ ਹੈ। ਇਸ ਸਬੰਧ ਵਿੱਚ ਉਹਨਾਂ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰਾਂ ਨੂੰ ਪਾਕਿਸਤਾਨ ਨੇ ਚਿੱਠੀ ਲਿਖ ਕੇ ਕਸ਼ਮੀਰ ਮੁੱਦੇ ਉੱਤੇ ਹਿਮਾਇਤ ਮੰਗੀ ਹੈ। ਸ਼ਰੀਫ਼ ਨੇ ਆਖਿਆ ਕਿ ਦੁਨੀਆ ਨੂੰ ਦਹਿਸ਼ਤਗਰਦ ਅਤੇ ਆਜ਼ਾਦੀ ਦੀ ਲੜਾਈ ਵਿੱਚ ਫ਼ਰਕ ਕਰਨਾ ਹੋਵੇਗਾ। ਸ਼ਰੀਫ਼ 21 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੰਬਲੀ ਵਿੱਚ ਸਪੀਚ ਵੀ ਦੇਣ ਵਾਲੇ ਹਨ। ਇਸ ਤੋਂ ਪਹਿਲਾਂ  ਪਾਕਿਸਤਾਨ ਦੇ ਵਿਦੇਸ਼ ਸਕੱਤਰ ਏਜ਼ਾਜ ਅਹਿਮਦ ਚੌਧਰੀ ਨੇ ਜਦੋਂ ਭਾਰਤੀ ਪੱਤਰਕਾਰ ਨੇ ਉੜੀ ਹਮਲਾ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਪੱਤਰਕਾਰ ਨਮਿਤਾ ਬਰਾੜ ਨੂੰ ਕਮਰੇ ਤੋਂ ਬਾਹਰ ਕੱਢਣ ਦੇ ਆਦੇਸ਼ ਦੇ ਦਿੱਤੇ।  ਵਿਦੇਸ਼ ਸਕੱਤਰ ਏਜ਼ਾਜ ਅਹਿਮਦ ਚੌਧਰੀ ਨੇ ਆਖਿਆ ਕਿ ਇਸ ਵਾਰ ਪ੍ਰਧਾਨ ਮੰਤਰੀ ਮੁੱਖ ਤੌਰ ਉੱਤੇ ਕਸ਼ਮੀਰ ਮੁੱਦੇ ਉੱਤੇ ਗੱਲਬਾਤ ਕਰਨਗੇ। ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਪੱਤਰਕਾਰਾਂ ਦੇ ਉੜੀ ਹਮਲੇ ਨਾਲ ਸਬੰਧਿਤ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।