ਬੀਜਿੰਗ- ਚੀਨ ਦੀ ਫੌਜ ਨੇ ਆਪਣੇ ਦੇਸ਼ ਦੇ ਹਵਾਈ ਖੇਤਰ ਵਿਚ ਭਾਰਤ ਦੇ ਮਨੁੱਖ ਰਹਿਤ ਜਹਾਜ਼ (ਡਰੋਣ) ਦੇ ਹਾਲ ਹੀ ਵਿਚ ‘ਗੈਰ ਕਨੂੰਨੀ ਰੂਪ ਨਾਲ ਪ੍ਰਵੇਸ਼’ ਕਰਨ ਉੱਤੇ ਵਿਰੋਧ ਜਤਾਇਆ ਹੈ। ਪੱਛਮੀ ਕਮਾਨ ਦੇ ਜਾਇੰਟ ਸਟਾਫ ਡਿਪਾਰਟਮੈਂਟ ਦੇ ਯੁੱਧ ਸਬੰਧੀ ਬਿਊਰੋ ਦੇ ਉਪ ਮੁਖੀ ਝਾਂਗ ਸ਼ੁਇਲੀ ਨੇ ਕਿਹਾ ਕਿ ਹਾਲ ਹੀ ਵਿਚ ਭਾਰਤੀ ਡਰੋਣ ਚੀਨ ਦੇ ਹਵਾ ਖੇਤਰ ਵਿਚ ‘ਗੈਰ ਕਨੂੰਨੀ ਰੂਪ ਨਾਲ ਦਾਖਲ ਹੋਇਆ’ ਅਤੇ ਹਾਦਸਾ ਗ੍ਰਸਤ ਹੋ ਗਿਆ। ਚੀਨ ਦੀ ਬਾਰਡਰ ਫੋਰਸ ਦੇ ਜਵਾਨਾਂ ਨੇ ਡਰੋਣ ਦੀ ਪਛਾਣ ਕੀਤੀ।
ਚੀਨੀ ਅਧਿਕਾਰੀ ਨੇ ਇਸ ਹਾਦਸੇ ਦੀ ਸਹੀ ਜਾਣਕਾਰੀ ਨਹੀਂ ਦਿੱਤੀ। ਪੀਪਲਜ਼ ਲਿਬਰੇਸ਼ਨ ਆਰਮੀ ਦੀ ਪੱਛਮੀ ਥਿਏਟਰ ਕਮਾਨ ਦੇ ਅਧਿਕਾਰ ਖੇਤਰ ਵਿਚ ਭਾਰਤ ਨਾਲ ਲੱਗਦਾ ਤਿੱਬਤ ਦਾ ਸਰਹੱਦੀ ਖੇਤਰ ਵੀ ਆਉਂਦਾ ਹੈ। ਚੀਨ ਦੀ ਸਰਕਾਰੀ ਖਬਰ ਏਜੰਸੀ ਨੇ ਝਾਂਗ ਦੇ ਹਵਾਲੇ ਨਾਲ ਕਿਹਾ, ‘ਭਾਰਤ ਦਾ ਕਦਮ ਚੀਨ ਦੀ ਖੇਤਰੀ ਪ੍ਰਭੂਸੱਤਾ ਦੀ ਉਲੰਘਣਾ ਹੈ ਅਤੇ ਅਸੀਂ ਇਸ ਉੱਤੇ ਸਖਤ ਅਸੰਤੋਸ਼ ਅਤੇ ਵਿਰੋਧ ਜਤਾਉਂਦੇ ਹਾਂ।’
ਉਨ੍ਹਾਂ ਕਿਹਾ, ‘ਅਸੀਂ ਆਪਣੀ ਮੁਹਿੰਮ ਤੇ ਆਪਣੀ ਜ਼ਿੰਮੇਦਾਰੀ ਨਿਭਾਵਾਂਗੇ ਅਤੇ ਚੀਨ ਦੀ ਰਾਸ਼ਟਰੀ ਪ੍ਰਭੂਸੱਤਾ ਦੀ ਰੱਖਿਆ ਕਰਾਂਗੇ।’ ਭਾਰਤ ਦੇ ਰੱਖਿਆ ਮੰਤਰਾਲਾ ਵੱਲੋਂ ਇਸ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਹਾਲ ਹੀ ਵਿਚ ਭਾਰਤ-ਚੀਨ-ਭੂਟਾਨ ਦੀ ਸੀਮਾ ਨੇੜੇ ਚੀਨੀ ਫੌਜ ਵੱਲੋਂ ਇਕ ਸੜਕ ਬਣਾਉਣ ਪਿੱਛੋਂ ਡੋਕਲਾਮ ਵਿਚ ਭਾਰਤ ਅਤੇ ਚੀਨ ਦੀ ਫੌਜ ਵਿਚਾਲੇ ਅੜਿੱਕਾ ਪੈਦਾ ਹੋ ਗਿਆ ਸੀ। ਭਾਰਤ ਦੇ ਚਿਕਨ ਨੈੱਕ ਕਾਰੀਡੋਰ ਨੇੜੇ ਚੀਨੀ ਫੌਜ ਵੱਲੋਂ ਨਿਰਮਾਣ ਰੋਕਣ ਤੋਂ ਬਾਅਦ 73 ਦਿਨਾਂ ਤੱਕ ਚੱਲਿਆ ਇਹ ਅੜਿੱਕਾ 28 ਅਗਸਤ ਨੂੰ ਖ਼ਤਮ ਹੋਇਆ ਸੀ।