ਬੀਜਿੰਗ: ਪੂਰੀ ਦੁਨੀਆ ਨੂੰ ਵਾਹਣੀਂ ਪਾਉਣ ਵਾਲਾ ਕੋਰੋਨਾ ਵਾਇਰਸ ਆਖ਼ਰ ਪੈਦਾ ਕਿੱਥੋਂ ਹੋਇਆ, ਇਸ ਦਾ ਸਹੀ ਜਵਾਬ ਜਾਣਨ ਲਈ ਵਿਸ਼ਵ ਸਿਹਤ ਸੰਗਠਨ ਮੁੜ ਤੋਂ ਜਾਂਚ ਕਰਵਾਉਣਾ ਚਾਹੁੰਦਾ ਸੀ, ਪਰ ਚੀਨ ਨੇ ਸਹਿਮਤੀ ਨਹੀਂ ਦਿੱਤੀ। ਚੀਨ ਨੇ ਵੀਰਵਾਰ ਨੂੰ WHO ਦੇ ਕੋਰੋਨਾ ਵਾਇਰਸ ਦੀ ਪੈਦਾਇਸ਼ ਦਾ ਕਾਰਨ ਜਾਣਨ ਲਈ ਦੂਜੇ ਗੇੜ ਦੇ ਅਧਿਐਨ ਪਲਾਨ ਨੂੰ ਖਾਰਜ ਕਰ ਦਿੱਤਾ। ਚੀਨ ਨੇ ਡਬਲਿਊਐਚਓ ਦੇ ਇਸ ਪ੍ਰਸਤਾਵ 'ਤੇ ਹੈਰਾਨੀ ਵੀ ਪ੍ਰਗਟ ਕੀਤੀ। 

 

ਚੀਨ ਦੇ ਕੌਮੀ ਸਿਹਤ ਕਮਿਸ਼ਨ (NHC) ਦੇ ਮੀਤ ਪ੍ਰਧਾਨ ਜੇਂਗ ਯਿਸ਼ਿਨ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਵਾਇਰਸ ਦੇ ਪੈਦਾ ਹੋਣ ਦੇ ਅਧਿਐਨ ਦੇ ਸਿਆਸੀਕਰਨ ਕੀਤੇ ਜਾਣ ਦਾ ਵਿਰੋਧ ਕਰਦਾ ਹੈ। ਚੀਨ ਦੀ ਤਿੱਖੀ ਪ੍ਰਤਿਕਿਰਿਆ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੇਡ੍ਰੋਸ ਅਦਹਾਨੋਮ ਗੇਬ੍ਰੇਯੇਸਸ ਦੇ ਬਿਆਨ ਮਗਰੋਂ ਸਾਹਮਣੇ ਆਈ ਹੈ। ਡਾ. ਟੇਡ੍ਰੋਸ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੋਵਿਡ-19 ਮਹਾਮਾਰੀ ਅਤੇ ਇੱਕ ਪ੍ਰਯੋਗਸ਼ਾਲਾ 'ਚੋਂ ਰਿਸਾਅ ਦਰਮਿਆਨ ਸੰਭਾਵਿਤ ਸਬੰਧ ਨੂੰ ਖਾਰਜ ਕਰਨਾ ਕਾਹਲੀ ਹੋਵੇਗੀ। ਡਬਲਿਊਐਚਓ ਨੇ ਕੋਰੋਨਾਵਾਇਰਸ ਦੇ ਪੈਦਾ ਹੋਣ ਦੀ ਜਾਂਚ ਲਈ ਚੀਨ ਨੂੰ ਦੂਜੇ ਗੇੜ ਦਾ ਖੋਜ ਅਧਿਐਨ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਸੀ, ਜਿਸ ਵਿੱਚ ਵੁਹਾਨ ਪ੍ਰਯੋਗਸ਼ਾਲਾ ਅਤੇ ਮਾਰਕਿਟ ਦਾ ਆਡਿਟ ਕਰਨਾ ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਵਿਗਿਆਨੀਆਂ ਦੀ ਜਾਂਚ ਵਿੱਚ ਚੀਨ ਤੋਂ ਹੋਰ ਵਧੇਰੇ ਪਾਰਦਰਸ਼ੀ ਰਹਿਣ ਦੀ ਮੰਗ ਵੀ ਕੀਤੀ ਗਈ ਸੀ।

 

ਚੀਨ ਨੇ ਪ੍ਰਸਤਾਵ ਨੂੰ ਦੱਸਿਆ ਵਿਗਿਆਨਕ ਕਾਰਨਾਂ ਦੀ 'ਹੱਤਕ'

 

ਜੇਂਗ ਯਿਸ਼ਿਨ ਨੇ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਸਤਾਵਿਤ ਅਧਿਐਨ ਦੇ ਦੂਜੇ ਗੇੜ ਵਿੱਚ ਪਰਿਕਲਪਨਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਕਿ ਚੀਨ ਨੇ ਪ੍ਰਯੋਗਸ਼ਾਲਾ ਨਿਯਮਾਂ ਦੀ ਉਲੰਘਣਾ ਕੀਤੀ ਸੀ ਅਤੇ ਵਾਇਰਸ ਖੋਜ ਦੌਰਾਨ ਲੀਕ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਪ੍ਰਸਤਾਵ ਪੜ੍ਹ ਕੇ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਸੀ। ਜੇਂਗ ਨੇ ਇਹ ਵੀ ਕਿਹਾ ਕਿ ਇਹ ਸਭ ਸਿਆਸਤ ਤੋਂ ਪ੍ਰੇਰਤ ਜਾਪਦਾ ਹੈ ਅਤੇ ਇਸ ਤਰ੍ਹਾਂ ਕਰਨਾ ਵਿਗਿਆਨਕ ਤੱਥਾਂ ਦੀ ਬੇਇੱਜ਼ਤੀ ਕਰਨਾ ਹੋਵੇਗਾ।

 

ਲੈਬ ਤੋਂ ਵਾਇਰਸ ਪੈਦਾ ਹੋਣ ਨੂੰ ਰੱਦ ਕਰਦਾ ਰਿਹੈ ਚੀਨ

 

ਚੀਨ ਉਸ ਕੌਮਾਂਤਰੀ ਰਾਇ ਦਾ ਕਰੜਾ ਵਿਰੋਧ ਕਰਦਾ ਆ ਰਿਹਾ ਹੈ ਜਿਸ ਵਿੱਚ ਵੁਹਾਨ ਦੀ ਉੱਚ ਸੁਰੱਖਿਆ ਵਾਲੀ ਜੈਵਿਕ ਪ੍ਰਯੋਗਸ਼ਾਲਾ ਨੂੰ ਵਾਇਰਸ ਦਾ ਸਰੋਤ ਦੱਸਿਆ ਜਾਂਦਾ ਹੈ। ਚੀਨ ਇਸ ਗੱਲ ਨੂੰ ਖਾਰਜ ਕਰਦਾ ਰਿਹਾ ਹੈ। ਸਾਲ 2019 ਵਿੱਚ ਚੀਨੀ ਸ਼ਹਿਰ ਵੁਹਾਨ ਤੋਂ ਕੋਰੋਨਾ ਵਾਇਰਸ ਦੇ ਪਹਿਲੇ ਮਾਮਲਿਆਂ ਦੀ ਪਛਾਣ ਕੀਤੀ ਗਈ ਸੀ। ਇਸ ਮਹਾਮਾਰੀ ਨੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਲੈ ਲਈ ਅਤੇ ਕਰੋੜਾਂ ਇਸ ਤੋਂ ਪੀੜਤ ਹੋ ਚੁੱਕੇ ਹਨ। ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਕੌਮਾਂਤਰੀ ਅਰਥਚਾਰਾ ਠੱਪ ਹੋਇਆ ਪਿਆ ਹੈ।