ਨਵੀਂ ਦਿੱਲੀ: ਚੀਨ ਨੇ ਇੱਕ ਨਵੇਂ ਲੜਾਕੂ ਜਹਾਜ਼ ਰਾਹੀਂ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਜੇ-20 ਨਾਮਕ ਇਹ ਲੜਾਕੂ ਜਹਾਜ਼ ਰਡਾਰ ਦੀ ਪਕੜ ਵਿੱਚ ਨਹੀਂ ਆਉਂਦਾ। ਇਸ ਲਈ ਇਹ ਭਾਰਤ ਲਈ ਵੱਡਾ ਖ਼ਤਰਾ ਹੈ। ਇੰਨਾ ਹੀ ਨਹੀਂ ਚੀਨ ਨੇ ਇਹ ਜਹਾਜ਼ ਪਾਕਿਸਤਾਨ ਨੂੰ ਵੀ ਦੇਣ ਦਾ ਐਲਾਨ ਕੀਤਾ ਹੈ। ਇਹ ਗੱਲ ਭਾਰਤ ਦੀ ਸੁਰੱਖਿਆ ਲਈ ਹੋਰ ਵੱਡਾ ਖ਼ਤਰਾ ਹੈ। ਭਾਰਤ ਕੋਲ ਇਸ ਜਹਾਜ਼ ਦੇ ਜਵਾਬ ਵਿੱਚ ਕੁਝ ਵੀ ਨਹੀਂ ਹੈ।
ਹੈਰਾਨੀ ਦੀ ਗੱਲ ਹੈ ਕਿ ਨਾ ਸਿਰਫ਼ ਭਾਰਤ ਸਗੋਂ ਅਮਰੀਕਾ ਵੀ ਚੀਨ ਦੇ ਇਸ ਲੜਾਕੂ ਜਹਾਜ਼ ਤੋਂ ਫਿਕਰ ਵਿੱਚ ਹੈ। ਹੁਣ ਤੱਕ ਰਡਾਰ ਦੀ ਪਕੜ ਵਿੱਚ ਨਾ ਆਉਣ ਵਾਲੇ ਜਹਾਜ਼ ਅਮਰੀਕਾ ਕੋਲ ਸਨ ਪਰ ਚੀਨ ਨੇ ਇਸ ਖੇਤਰ ਵਿੱਚ ਲੜਾਕੂ ਜਹਾਜ਼ ਨੂੰ ਵਿਕਸਤ ਕਰਕੇ ਅਮਰੀਕਾ ਦੀ ਬਰਾਬਰੀ ਕਰ ਲਈ ਹੈ। ਜੇ-20 ਲੜਾਕੂ ਜਹਾਜ਼ ਦੀ ਸਮਰੱਥਾ ਬਹੁਤ ਜ਼ਿਆਦਾ ਹੈ। ਇਸ ਵਿੱਚ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਫਿੱਟ ਕੀਤੀਆਂ ਜਾ ਸਕਦੀਆਂ ਹਨ।
ਰੂਸ, ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ ਪੰਜਵੀਂ ਸ਼੍ਰੇਣੀ ਦੇ ਲੜਾਕੂ ਜਹਾਜ਼ ਵਿਕਸਤ ਕਰਨ ਉੱਤੇ ਕੰਮ ਕਰ ਰਹੇ ਹਨ। ਆਮ ਲੜਾਕੂ ਜਹਾਜ਼ ਰਡਾਰ ਦੀ ਲਪੇਟ ਵਿੱਚ ਬਹੁਤ ਜਲਦੀ ਆ ਜਾਂਦੇ ਹਨ ਪਰ ਜੇ-20 ਜਹਾਜ਼ ਵਿੱਚ ਇਹ ਤਕਨੀਕ ਵਿਕਸਤ ਨਹੀਂ ਕਰਦੀ ਕਿਉਂਕਿ ਇਸ ਦੇ ਨਿਰਮਾਣ ਦੀ ਵਿਧੀ ਕਾਫ਼ੀ ਗੁਪਤ ਹੈ।
ਇਸ ਜਹਾਜ਼ ਨੂੰ ਬਣਾਉਣ ਲਈ ਬਾਹਰੀ ਬਾਡੀ ਖ਼ਾਸ ਮਿਸ਼ਰਤ ਧਾਤੂ ਦੀ ਬਣਾਈ ਜਾਂਦੀ ਹੈ। ਇਸ ਦਾ ਆਕਾਰ ਵੀ ਆਮ ਧਾਤਾਂ ਤੋਂ ਵੱਖਰਾ ਹੁੰਦਾ ਹੈ ਜਿਸ ਕਾਰਨ ਇਹ ਰਡਾਰ ਦੀ ਲਪੇਟ ਵਿੱਚ ਨਹੀਂ ਆਉਂਦਾ ਤੇ ਇਹ ਦੁਸ਼ਮਣ ਦੇ ਟਿਕਾਣੇ ਉੱਤੇ ਹਮਲਾ ਕਰਕੇ ਸੁਰੱਖਿਅਤ ਵਾਪਸ ਪਰਤ ਆਉਂਦਾ ਹੈ। ਚੀਨ ਦੇ ਇਸ ਲੜਾਕੂ ਜਹਾਜ਼ ਕਾਰਨ ਭਾਰਤ ਦੀਆਂ ਦਿੱਕਤਾਂ ਵਧ ਗਈਆਂ ਹਨ।
ਫ਼ਿਲਹਾਲ ਅਮਰੀਕੀ ਏਅਰਫੋਰਸ ਕੋਲ ਸਭ ਤੋਂ ਆਧੁਨਿਕ F-35 ਲਾਇਟਨਿੰਗ, F-22 ਰੈਪਟਰ ਲੜਾਕੂ ਜਹਾਜ਼ ਤੇ  B-2 ਰਿਪਰਿਸਟ ਜਹਾਜ਼ ਹਨ। ਹੁਣ ਇਹੀ ਤਕਨੀਕ ਚੀਨ ਦੇ ਕੋਲ ਵੀ ਆ ਗਈ ਹੈ। ਭਾਰਤ ਦੀ ਚਿੰਤਾ ਇਸ ਕਰਕੇ ਵੀ ਹੈ ਕਿਉਂਕਿ ਇਹ ਹੁਣ ਪਾਕਿਸਤਾਨ ਨੂੰ ਮਿਲਣ ਵਾਲੇ ਹਨ ਤੇ ਛੇਤੀ ਹੀ ਇਨ੍ਹਾਂ ਨੂੰ ਪਾਕਿਸਤਾਨ ਏਅਰਫੋਰਸ ਵਿੱਚ ਸ਼ਾਮਲ ਕਰ ਲਿਆ ਜਾਵੇਗਾ।
ਹਾਲਾਂਕਿ ਭਾਰਤ ਵੀ ਇਸ ਖੇਤਰ ਵਿੱਚ ਕੰਮ ਕਰ ਰਿਹਾ ਹੈ ਪਰ FGFA ਜਹਾਜ਼ ਤਿਆਰ ਕਰਨ ਵਿੱਚ ਉਸ ਨੂੰ ਕਾਫ਼ੀ ਸਮਾਂ ਲੱਗੇਗਾ। ਚੀਨ ਦੇ ਜੇ-20 ਜਹਾਜ਼ ਵਿੱਚ ਇੱਕ ਪਾਈਲਟ ਹੋਵੇਗਾ, ਜਦੋਂਕਿ FGFA ਵਿੱਚ ਦੋ ਪਾਈਲਟ ਹੋਣਗੇ। ਇਨ੍ਹਾਂ ਵਿੱਚੋਂ ਇੱਕ ਪਾਈਲਟ ਜਹਾਜ਼ ਨੂੰ ਉਡਾਏਗਾ ਜਦੋਂਕਿ ਦੂਜਾ ਹਥਿਆਰ ਫਾਇਰ ਕਰੇਗਾ। ਜੇ-20 ਦੀ ਰਫ਼ਤਾਰ 2100 ਕਿੱਲੋਮੀਟਰ ਪ੍ਰਤੀ ਘੰਟੇ ਦੀ ਹੈ ਜਦੋਂਕਿ FGFA ਦੀ ਰਫ਼ਤਾਰ 2440 ਕਿੱਲੋਮੀਟਰ ਪ੍ਰਤੀ ਘੰਟੇ ਦੀ ਹੈ। ਇੱਕ ਜੇ-20 ਦੀ ਕੀਮਤ 734 ਕਰੋੜ ਰੁਪਏ ਹੈ ਜਦੋਂਕਿ ਭਾਰਤੀ FGFA ਦੀ ਕੀਮਤ ਕਰੀਬ 667 ਕਰੋੜ ਰੁਪਏ ਹੈ।