ਨਵੀਂ ਦਿੱਲੀ: ਸੇਵਾਮੁਕਤ ਚੀਫ ਜਸਟਿਸ ਨਸੀਰ-ਉਲ-ਮੁਲਕ ਦਾ ਨਾਂ ਪਾਕਿਸਤਾਨ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਵਜੋਂ ਐਲਾਨ ਦਿੱਤਾ ਗਿਆ ਹੈ। ਪਾਕਿਸਤਾਨ ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਵਿੱਚ ਆਮ ਚੋਣਾਂ 25 ਜੁਲਾਈ ਨੂੰ ਹੋਣਗੀਆਂ ਤੇ ਮੌਜੂਦਾ ਅੱਬਾਸੀ ਸਰਕਾਰ ਦਾ ਕਾਰਜਕਾਲ 31 ਮਈ ਨੂੰ ਪੂਰਾ ਹੋਣ ਵਾਲਾ ਹੈ।
ਪਹਿਲੀ ਜੂਨ ਨੂੰ ਆਰਜ਼ੀ ਸਰਕਾਰ ਨੇ ਕੰਮਕਾਜ ਸੰਭਾਲਣਾ ਹੈ ਤੇ ਜਦ ਤਕ ਨਵੀਂ ਸਰਕਾਰ ਨਹੀਂ ਚੁਣੀ ਜਾਂਦੀ, ਇਹੋ ਆਰਜ਼ੀ ਸਰਕਾਰ ਪਾਕਿਸਤਾਨ ਦਾ ਕੰਮਕਾਜ ਦੇਖੇਗੀ। ਪਾਕਸਿਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਸੁਪਰੀਮ ਕੋਰਟ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼ਾਹਿਦ ਖ਼ਕਾਨ ਅੱਬਾਸੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ।
ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਮੌਜੂਦਾ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ- ਨਵਾਜ ਨੂੰ ਤਕੜੀ ਚੁਣੌਤੀ ਦੇਣ ਵਾਲੀ ਹੈ। ਅੰਤ੍ਰਿਮ ਪ੍ਰਧਾਨ ਮੰਤਰੀ ਲਈ ਸੇਵਾਮੁਕਤ ਚੀਫ਼ ਜਸਟਿਸ ਦੇ ਐਲਾਨ ਤੋਂ ਬਾਅਦ ਦੋਵਾਂ ਪਾਰਟੀਆਂ ਵਿੱਚ ਜਾਰੀ ਖਹਿਬਾਜ਼ੀ ਦਾ ਅੰਤ ਹੋ ਗਿਆ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਕੀ ਭ੍ਰਿਸ਼ਟਾਚਾਰ ਦੇ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਨਵਾਜ ਸ਼ਰੀਫ਼ ਦੀ ਪਾਰਟੀ ਚੰਗਾ ਪ੍ਰਦਰਸ਼ਨ ਕਰ ਪਾਵੇਗੀ ਜਾਂ ਇਮਰਾਨ ਖ਼ਾਨ ਵੋਟ-ਮੈਚ 'ਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਜਾਣਗੇ।