ਨਵੀਂ ਦਿੱਲੀ: ਪਾਕਿਸਤਾਨ ਵਿੱਚ ਚੀਨ ਦੇ ਇੰਜਨੀਅਰਾਂ ਤੇ ਪਾਕਿਸਤਾਨੀ ਪੁਲਿਸ ਵਿਚਾਲੇ ਹੋਈ ਝੜਪ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਡਾਨ ਨਿਊਜ ਮੁਤਾਬਕ, ਬਹਾਵਲਪੁਰ ਤੋਂ ਫੈਸਲਾਬਾਦ ਵਿਚਾਲੇ ਬਣ ਰਹੇ M4 ਮੋਟਰਵੇਅ 'ਤੇ ਤਾਇਨਾਤ ਚੀਨ ਦੇ ਅਫਸਰਾਂ ਦੀ ਉਸ ਸਮੇਂ ਪਾਕਿਸਤਾਨੀ ਪੁਲਿਸ ਕਰਮਚਾਰੀਆਂ ਨਾਲ ਝੜਪ ਹੋ ਗਈ ਜਦੋਂ ਖਾਨਵਾਲ ਕੈਂਪ ਤੋਂ ਉਨ੍ਹਾਂ ਨੂੰ ਪੁਲਿਸ ਨੇ ਬਿਨਾ ਸੁਰੱਖਿਆ ਤੋਂ ਨਿਕਲਣੋਂ ਰੋਕਿਆ।


ਚੀਨ ਦੇ ਵਰਕਰਾਂ ਤੇ ਇੰਜਨੀਅਰਾਂ ਨੇ ਬਾਹਰ ਜਾਣੋਂ ਮਨ੍ਹਾ ਕਰਨ 'ਤੇ ਮਾਰਕੁੱਟ ਕੀਤੀ ਤੇ ਉਕਸਾਇਆ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਚੀਨੀ ਪੁਲਿਸ ਦੀ ਗੱਡੀ ਦੇ ਬੋਨਟ 'ਤੇ ਚੜ੍ਹ ਕੇ ਹੰਗਾਮਾ ਕਰ ਰਹੇ ਹਨ। ਵੀਡੀਓ ਵਿੱਚ ਚੀਨੀ ਨਾਗਰਿਕ ਪੁਲਿਸ ਕਰਮਚਾਰੀ ਨਾਲ ਮਾਰਕੁੱਟ ਕਰਦਾ ਵੀ ਦਿਖਾਈ ਦੇ ਰਿਹਾ ਹੈ।



ਪੁਲਿਸ ਅਧਿਕਾਰੀ ਨੇ ਕਿਹਾ, ''ਚੀਨੀ ਇੰਜਨੀਅਰ ਤੇ ਹੋਰ ਅਧਿਕਾਰੀ ਮੰਗਲਵਾਰ ਰਾਤ ਨੂੰ ਖਾਨਾਵਾਲ ਕੈਂਪ ਤੋਂ 'ਰੈੱਡ-ਲਾਈਟ' ਇਲਾਕੇ ਜਾਣਾ ਚਾਹੁੰਦੇ ਸੀ। ਜਦੋਂ ਉਨ੍ਹਾਂ ਨੇ ਚੀਨੀਆਂ ਨੂੰ ਬਗੈਰ ਸੁਰੱਖਿਆ ਤੋਂ ਬਾਹਰ ਜਾਣ ਤੋਂ ਮਨਾ ਕੀਤਾ ਤਾਂ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।''

ਗੁੱਸੇ 'ਚ ਆਏ ਚੀਨੀਆਂ ਨੇ ਨੇੜਲੇ ਪੁਲਿਸ ਕੈਂਪ ਦੀ ਲਾਈਟ ਬੰਦ ਕਰ ਦਿੱਤੀ। ਉੱਥੇ ਹੀ ਬੁੱਧਵਾਰ ਦੀ ਸਵੇਰ ਨੂੰ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਪੀ) ਵਿੱਚ ਤਾਇਨਾਤ ਚੀਨੀ ਇੰਜਨੀਅਰਾਂ ਨੇ ਕੰਮ ਬੰਦ ਕਰਕੇ ਸੜਕ 'ਤੇ ਜਾਮ ਲਾ ਦਿੱਤਾ ਸੀ ਤੇ ਪੁਲਿਸ ਕੈਂਪ ਉੱਤੇ ਹਮਲਾ ਕੀਤਾ।

ਚੀਨੀ ਇੰਜਨੀਅਰ ਨੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਕਿ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੜਕ ਨਾਲ ਜੁੜੇ ਕੰਮ ਕਰਨ ਤੋਂ ਰੋਕਿਆ ਤੇ ਉਨ੍ਹਾਂ ਦੇ ਹਮਲੇ ਕੀਤੇ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਪੰਜਾਬ ਪੁਲਿਸ ਨੇ ਆਪਣੀ ਗੱਡੀ ਨਾਲ ਚੀਨ ਦੇ ਵਰਕਰਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਿਸ ਨੇ ਦੋਸ਼ਾਂ ਨੂੰ ਖਾਰਜ ਕਰਦੇ ਕਿਹਾ ਕਿ ਇਹ ਕਹਾਣੀ ਝੂਠੀ ਹੈ।

ਮਾਮਲਾ ਸ਼ਾਂਤ ਨਾ ਹੁੰਦਾ ਦੇਖਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਮਾਨ ਸੰਭਾਲੀ ਤੇ ਗੱਲਬਾਤ ਰਾਹੀਂ ਮਾਮਲੇ ਨੂੰ ਸ਼ਾਂਤ ਕੀਤਾ ਗਿਆ। ਇਸ ਤੋਂ ਬਾਅਦ ਚੀਨੀ ਇੰਜਨੀਅਰ ਰੋਡ ਖੋਲ੍ਹਣ ਲਈ ਤਿਆਰ ਹੋ ਗਏ। ਇਹ ਪਹਿਲੀ ਵਾਰ ਨਹੀਂ ਜਦੋਂ ਚੀਨੀ ਨਾਗਰਿਕ ਤੇ ਪਾਕਿਸਤਾਨ ਦੇ ਸਥਾਨਕ ਪੁਲਿਸ ਵਿਚਕਾਰ ਝਗੜਾ ਹੋਇਆ ਹੈ। 2016 ਵਿੱਚ ਵੀ ਕੰਸਟ੍ਰੈਸ਼ਨ ਕੈਂਪ ਕੋਲ ਪੁਲਿਸ ਤੇ ਚੀਨ ਦੇ ਵਰਕਰ ਵਿਚਾਲੇ ਝਗੜਾ ਹੋਇਆ ਸੀ।