ਪੈਰਿਸ: ਪੰਜਾਬ ਦੀਆਂ 'ਬਾਤਾਂ' ਵਿੱਚ ਕਾਂ ਨੂੰ ਅਕਸਰ ਖਲਨਾਇਕ ਪੰਛੀ ਵਜੋਂ ਚਿਤਵਿਆ ਜਾਂਦਾ ਰਿਹਾ ਹੈ, ਪਰ ਦੁਨੀਆ ਦੇ ਦੂਜੇ ਕੋਨੇ ਵਿੱਚ ਇਹ ਖਲਨਾਇਕ ਪੰਛੀ ਬੇਹੱਦ ਸਕਾਰਾਤਮਕ ਕੰਮ ਕਰਨ ਵਿੱਚ ਰੁੱਝਿਆ ਹੋਇਆ ਹੈ। ਦਰਅਸਲ, ਫਰਾਂਸ ਦੇ ਇੱਕ ਪਾਰਕ ਦੀ ਸਫ਼ਾਈ ਦਾ ਜ਼ਿੰਮਾ 6 ਕਾਵਾਂ ਨੂੰ ਸੌਂਪਿਆ ਗਿਆ ਹੈ। ਕਾਵਾਂ ਨੂੰ ਵਿਸ਼ੇਸ਼ ਕਿਸਮ ਦੀ ਸਿਖਲਾਈ ਵੀ ਦਿੱਤੀ ਗਈ ਹੈ।




ਜਾਣਕਾਰੀ ਅਨੁਸਾਰ ਇਨ੍ਹਾਂ 6 ਕਾਵਾਂ ਨੂੰ ਪੈਰਿਸ ਦੇ ਇਤਿਹਾਸਕ 'ਥੀਮ ਪਾਰਕ' ਨੂੰ ਸਾਫ਼-ਸੁਥਰਾ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕਾਵਾਂ ਦੇ ਸਰਦਾਰ ਰੂਕਸ, ਕੈਰੀਅਨ ਪ੍ਰਜਾਤੀ ਦਾ ਕਾਂ ਹੈ ਤੇ ਇਸ ਕੰਮ ਲਈ ਇਨ੍ਹਾਂ ਦੀ ਚੋਣ ਆਮ ਨਾਲੋਂ ਵੱਧ ਸਿਆਣੇ ਹੋਣ ਕਰਕੇ ਕੀਤੀ ਗਈ ਹੈ।

ਕਾਂਵਾਂ ਦਾ ਇਹ ਪਰਿਵਾਰ ਪਾਰਕ ਵਿੱਚ ਪਏ ਕਚਰੇ ਦੇ ਛੋਟੇ-ਛੋਟੇ ਟੁਕੜੇ (ਜਿਵੇਂ ਸਿਗਰਟ ਦਾ ਬਚਿਆ ਹਿੱਸਾ ਜਾਂ ਛੋਟੇ ਲਿਫ਼ਾਫ਼ੇ) ਕੂੜੇਦਾਨ ਵਿੱਚ ਸੁੱਟ ਦਿੰਦੇ ਹਨ। ਇਸ 'ਡਿਊਟੀ' ਦੇ ਬਦਲੇ ਇਨ੍ਹਾਂ ਨੂੰ ਕੁਝ ਖਾਣ ਨੂੰ ਦਿੱਤਾ ਜਾਂਦਾ ਹੈ। ਇਨ੍ਹਾਂ ਕਾਵਾਂ ਨੂੰ ਫਰਾਂਸ ਦੇ 'ਪੀ ਡੁ ਫੂ' ਪਾਰਕ ਵਿਚ ਰੱਖਿਆ ਗਿਆ ਹੈ।



ਨਿਕੋਲਸ ਡੀ ਵਿਲੀਅਰਜ਼ ਕਹਿੰਦੇ ਹਨ ਕਿ ਉਨ੍ਹਾਂ ਦਾ ਉਦੇਸ਼ ਸਿਰਫ਼ ਸਫ਼ਾਈ ਨਹੀਂ ਹੈ ਕਿਉਂਕਿ ਇੱਥੇ ਆਉਣ ਵਾਲੇ ਲੋਕ ਖ਼ੁਦ ਵੀ ਸਫ਼ਾਈ ਦਾ ਧਿਆਨ ਰੱਖਦੇ ਹਨ, ਸਗੋਂ ਇਹ ਦਰਸਾਉਣਾ ਹੈ ਕਿ ਕੁਦਰਤ ਖ਼ੁਦ ਸਾਨੂੰ ਵਾਤਾਵਰਨ ਨੂੰ ਸਾਫ਼ ਰੱਖਣਾ ਸਿਖਾ ਰਹੀ ਹੈ।

ਰੂਕਸ ਦੇ ਪਰਿਵਾਰ ਨੂੰ ਮਨੁੱਖਾਂ ਨਾਲ ਸੰਚਾਰ ਕਰਨਾ ਵਧੀਆ ਲੱਗਦਾ ਹੈ ਤੇ ਉਹ ਖੇਡ-ਖੇਡ 'ਚ ਮਨੁੱਖਾਂ ਨਾਲ ਰਿਸ਼ਤਾ ਬਣਾ ਲੈਂਦੇ ਹਨ। ਨਿਕੋਲਸ ਨੇ ਦੱਸਿਆ ਕਿ ਇਨ੍ਹਾਂ ਕਾਵਾਂ ਵਾਲੇ ਸੰਚਾਰ ਗੁਣ ਆਸਟ੍ਰੇਲੀਅਨ ਮੈਗਪੀਅਜ਼ ਨਾਂ ਦੇ ਪੰਛੀ ਵਿੱਚ ਵੀ ਪਾਏ ਜਾਂਦੇ ਹਨ।