ਚੰਡੀਗੜ੍ਹ: ਨਾਭਾ ਦੇ ਰਹਿਣ ਵਾਲੇ ਜਸਮੇਲ ਸਿੰਘ ਦੀ ਕੈਨੇਡਾ ਦੇ ਐਬਟਸਫੋਰਡ 'ਚ ਸਥਿਤ ਉਨ੍ਹਾਂ ਦੇ ਘਰ 'ਚ ਹੋਏ ਬਲਾਸਟ ਦੌਰਾਨ ਮੌਤ ਹੋ ਗਈ। ਮ੍ਰਿਤਕ ਜਸਮੇਲ ਸਿੰਘ ਦਾ ਪਰਿਵਾਰ ਪਿਛਲੇ 30 ਸਾਲਾਂ ਤੋਂ ਕੈਨੇਡਾ 'ਚ ਰਹਿ ਰਿਹਾ ਸੀ। ਘਰ 'ਚ ਆਉਣ ਵਾਲੀ 18 ਅਗਸਤ ਨੂੰ ਜਸਮੇਲ ਦੀ ਛੋਟੀ ਧੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।


ਕੈਨੇਡੀਅਨ ਮੀਡੀਆ ਮੁਤਾਬਕ ਪੁਲਿਸ ਤੇ ਬਚਾਅ ਟੀਮਾਂ ਮੌਕ 'ਤੇ ਪਹੁੰਚ ਗਈਆਂ ਸਨ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਆਹ ਕਾਰਨ ਘਰ ਵਿੱਚ ਮਠਿਆਈਆਂ ਬਣ ਰਹੀਆਂ ਸਨ ਤੇ ਸਿਲੰਡਰ ਫਟਣ ਨਾਲ ਇਹ ਹਾਦਸਾ ਵਾਪਰਿਆ। ਧਮਾਕੇ ਦੌਰਾਨ ਘਰ ਵਿੱਚ 8 ਹੋਰ ਮੈਂਬਰ ਮੌਜੂਦ ਸਨ ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।


ਮ੍ਰਿਤਕ ਜਸਮੇਲ ਦੇ ਜਵਾਈ ਬਬਲੂ ਖੋਰਾ ਨੇ ਦੱਸਿਆ ਕਿ ਘਰ ਵਿਚ ਪਾਠ ਦੀ ਸਮਾਪਤੀ ਤੋਂ ਬਾਅਦ ਜਸਮੇਲ ਸਿੰਘ ਗੈਰਾਜ 'ਚ ਗਏ ਸਨ ਜਿੱਥੇ ਇਹ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਇਸ ਧਮਾਕੇ 'ਚ ਵਿਆਹ ਵਾਲੀ ਕੁੜੀ ਨੂੰ ਦਿੱਤੇ ਜਾਣ ਵਾਲੇ ਤੋਹਫੇ, ਗਹਿਣੇ ਤੇ ਹੋਰ ਸਾਮਾਨ ਤਬਾਹ ਹੋ ਗਿਆ। ਮ੍ਰਿਤਕ ਜਸਮੇਲ ਦੀ ਵੱਡੀ ਧੀ ਨੇ ਕੈਨੇਡਾ ਤੇ ਭਾਰਤ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਉਨ੍ਹਾਂ ਦੇ ਭਾਰਤ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਵੀਜ਼ੇ ਜਾਰੀ ਕੀਤੇ ਜਾਣ ਤਾਂ ਜੋ ਉਹ ਜਸਮੇਲ ਸਿੰਘ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋ ਸਕਣ।