ਵੈਨਕੂਵਰ: ਸ਼ਨੀਵਾਰ ਤੜਕੇ ਕੈਨੇਡਾ ਦੇ ਵੱਡੇ ਸ਼ਹਿਰ ਵੈਨਕੂਵਰ ਵਿੱਚ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਕੈਨੇਡਾ ਪਲੇਸ ਦੇ ਨਜ਼ਦੀਕੀ 2 ਕਰੂਜ਼ ਸ਼ਿਪਸ ਦੀ ਆਪਸ ਵਿੱਚ ਟੱਕਰ ਹੋ ਗਈ। ਸਵੇਰੇ ਕਰੀਬ 6.30 ਵਜੇ 'ਨਿਉਵ ਐਮਸਟਰਡੈਮ' ਵਿੱਚ ਕੁਝ ਲੋਕ ਨਾਸ਼ਤਾ ਕਰ ਰਹੇ ਸੀ ਤਾਂ ਉਨ੍ਹਾਂ ਇੱਕ ਜ਼ਬਰਦਸਤ ਝਟਕਾ ਮਹਿਸੂਸ ਕੀਤਾ। ਕਿਸੇ ਕਿਸਮ ਦੀ ਰਗੜ ਵੱਜਣ ਵਰਗੀ ਆਵਾਜ਼ ਸੁਣੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਗਲਤ ਪਾਰਕਿੰਗ ਦੀ ਵਜ੍ਹਾ ਕਰਕੇ ਵਾਪਰੀ।

ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਬਹੁਤ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਸੀ। ਇੰਜ ਲੱਗਿਆ ਜਿਵੇਂ ਕੁਝ ਪਾਣੀ ਵਿੱਚ ਡਿੱਗਿਆ ਹੋਵੇ। ਇਸ ਤੋਂ ਬਾਅਦ ਕਿਸੇ ਕਿਸਮ ਦੀ ਕੁਝ ਖੁਰਚੇ ਜਾਣ ਦੀ ਆਵਾਜ਼ ਸੁਣਾਈ ਦਿੱਤੀ। ਫਿਰ ਲੋਕਾਂ ਰੌਲ਼ਾ ਪਾਇਆ ਕਿ ਜਹਾਜ਼ਾਂ ਦੀ ਟੱਕਰ ਹੋ ਗਈ ਹੈ। ਮਗਰੋਂ ਸ਼ਿਪ ਦੇ ਕੈਪਟਨ ਨੇ ਸਪੀਕਰ 'ਤੇ ਸ਼ਿਪ ਦੇ ਇੱਕ ਖਾਸ ਹਿੱਸੇ ਨੂੰ ਖਾਲੀ ਕਰਨ ਬਾਰੇ ਐਲਾਨ ਕੀਤਾ।



ਵੈਨਕੂਵਰ ਪੋਰਟ ਅਥਾਰਿਟੀ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਕੋਈ ਵੱਡੀ ਘਟਨਾ ਨਹੀਂ ਸੀ। ਦੋਵੇਂ ਸ਼ਿਪਸ ਵਿਚਾਲੇ ਮਾਮੂਲੀ ਟੱਕਰ ਹੋਈ। 'ਊਸਟਰਡੈਮ' ਨਾਂ ਦੀ ਸ਼ਿਪ ਉਸ ਮੌਕੇ ਰੁਕਣ ਲਈ ਪਹੁੰਚ ਰਹੀ ਸੀ। ਦੋਵੇਂ ਸ਼ਿਪਸ ਨੂੰ ਘਟਨਾ ਕਾਰਨ ਮਾਮੂਲੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।

ਘਟਨਾ ਕਾਰਨ ਬਾਕੀ ਦੇ ਕਰੂਜ਼ ਆਉਣ-ਜਾਣ ਸਬੰਧੀ ਵੀ ਕਿਸੇ ਕਿਸਮ ਦੇ ਅੜਿੱਕੇ ਬਾਰੇ ਕੋਈ ਖ਼ਬਰ ਨਹੀਂ। ਦੱਸਿਆ ਗਿਆ ਕਿ ਟਕਰਾਈਆਂ ਦੋਵੇਂ ਸ਼ਿਪਸ ਇੱਕੋ ਕੰਪਨੀ ਦੀਆਂ ਹਨ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਹਾਦਸਾ ਟਲ ਗਿਆ ਤੇ ਕਿਸੇ ਕਿਸਮ ਦੇ ਵੱਡੇ ਨੁਕਸਾਨ ਤੋਂ ਵੀ ਬਚਾਅ ਰਿਹਾ।