ਨਵੀਂ ਦਿੱਲੀ: ਦੱਖਣ ਪੂਰਬ ਬ੍ਰਾਜ਼ੀਲ 'ਚ ਸਥਿਤ ਮੇਨਸ ਜੇਰਾਇਮ ਸੂਬੇ ਦੇ ਬਰੂਮਾਡਿਨੋ ਸ਼ਹਿਰ ਦੇ ਕਰੀਬ ਲੋਹੇ ਦੀ ਖਾਣ ਕੋਲ ਮੌਜੂਦ ਬੰਨ੍ਹ ਟੁੱਟਣ ਨਾਲ ਦਰਦਨਾਕ ਹਾਦਸਾ ਵਾਪਰਿਆ। ਹਾਦਸੇ 'ਚ ਹੁਣ ਤਕ 34 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦਕਿ 300 ਤੋਂ ਜ਼ਿਆਦਾ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਬਚਾਅ ਕਾਰਜ ਵਿੱਚ ਰੁੱਝੀਆਂ ਰਾਹਤ ਟੀਮਾਂ ਮੁਤਾਬਕ ਮਲਬੇ ਹੇਠੋਂ ਲੋਕਾਂ ਦੇ ਜੀਊਂਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਹਾਲਾਂਕਿ ਬਚਾਅ ਤੇ ਰਾਹਤ ਟੀਮਾਂ ਨੇ ਹੈਲੀਕਾਪਟਰ ਦੀ ਮਦਦ ਨਾਲ ਮਿੱਟੀ ਦੇ ਮਲਬੇ 'ਚ ਫਸੇ ਕਈ ਲੋਕਾਂ ਨੂੰ ਸੁਰੱਖਿਅਤ ਕੱਢਿਆ। ਜਿਸ ਵੇਲੇ ਬੰਨ੍ਹ ਟੁੱਟਾ ਉਸ ਮੌਕੇ ਕਈ ਮਜ਼ਦੂਰ ਵੇਲੇ ਕੰਪਨੀ ਦੀ ਕੰਟੀਨ 'ਚ ਖਾਣਾ ਖਾ ਰਹੇ ਸਨ।
ਕੰਪਨੀ ਦੇ ਪ੍ਰੈਜ਼ੀਡੈਂਟ ਮੁਤਾਬਕ ਕੰਟੀਨ ਵੀ ਮਲਬੇ ਹੇਠ ਧਸ ਗਈ ਹੈ। ਜਿਸ ਖਾਣ ਕੋਲ ਇਹ ਹਾਦਸਾ ਵਾਪਰਿਆ ਉਹ ਬ੍ਰਾਜ਼ੀਲ ਦੀ ਸਭ ਤੋਂ ਵੱਡੀ ਕੰਪਨੀ ਵੇਲੇ ਦੀ ਹੈ। ਇਹ ਬੰਨ੍ਹ ਸਾਲ 1976 'ਚ ਬਣਾਇਆ ਗਿਆ ਸੀ। ਬੰਨ੍ਹ ਟੁੱਟਣ ਤੋਂ ਬਾਅਦ ਇਵੇਂ ਜਾਪ ਰਿਹਾ ਹੈ ਜਿਵੇਂ ਮਿੱਟੀ ਦੀ ਨਦੀ ਵਹਿ ਰਹੀ ਹੋਵੇ।