ਲੰਦਨ: ਬ੍ਰਿਟੇਨ ‘ਚ ਅਪਰਾਧੀਆਂ ਨੇ ਜੇਲ੍ਹਾਂ ‘ਚ ਬੰਦ ਕੈਦੀਆਂ ਤਕ ਮਦਦ ਪਹੁੰਚਾਉਣ ਦਾ ਨਵਾਂ ਤਰੀਕਾ ਕੱਢਿਆ ਹੈ। ਉਹ ਮਰੇ ਹੋਏ ਚੂਹਿਆਂ ‘ਚ ਨਸ਼ੀਲੀਆਂ ਚੀਜ਼ਾਂ, ਮੋਬਾਈਲ, ਪੈਸੇ ਤੇ ਕਈ ਗੈਰ ਕਾਨੂੰਨੀ ਚੀਝਾਂ ਭਰਕੇ ਕੰਧ ਰਾਹੀਂ ਸੁੱਟਦੇ ਹਨ। ਸਥਾਨਕ ਮੀਡੀਆ ਮੁਤਾਬਕ ਅਪਰਾਧਕ ਸਮੂਹ ਇਹ ਕੰਮ ਲੰਬੇ ਸਮੇਂ ਤੋਂ ਕਰ ਰਹੇ ਹਨ।


ਅਧਿਕਾਰੀਆ ਨੂੰ ਇਸ ਦੀ ਪਹਿਲੀ ਝਲਕ ਉਦੋਂ ਮਿਲੀ ਜਦੋਂ ਦੱਖਣੀ-ਪੱਛਮੀ ਇੰਗਲੈਂਡ ਦੇ ਡੋਰਮੇਟ ‘ਚ ਇੱਕ ਜੇਲ੍ਹ ‘ਚ ਤਿੰਨ ਚੂਹਿਆਂ ਦੇ ਢਿੱਡ ਸਲਾਈ ਕੀਤੇ ਹੋਏ ਮਿਲੇ। ਇਸ ਤੋਂ ਬਾਅਦ ਪੰਜ ਚੂਹਿਆਂ ਦੇ ਸਰੀਰਾਂ ਵਿੱਚੋਂ ਮੋਬਾਈਲ, ਚਾਰਜ਼ਰ, ਸਿਮ ਤੇ ਸਿਗਰੇਟ ਦੇ ਪੇਪਰ ਮਿਲੇ।



ਬ੍ਰਿਟੇਨ ਦੇ ਜੇਲ੍ਹ ਮੰਤਰੀ ਰੋਰੀ ਸਟੀਵਰਟ ਦਾ ਕਹਿਣਾ ਹੈ ਕਿ ਅਪਰਾਧੀ ਜੇਲ੍ਹਾਂ ‘ਚ ਬੰਦ ਆਪਣੇ ਸਾਥੀਆਂ ਤਕ ਮਦਦ ਪਹੁੰਚਾਉਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਇਸ ਕਾਰਨ ਜੇਲ੍ਹਾਂ ਦੀ ਸੁਰੱਖਿਆ ਵਧਾਉਣੀ ਹੁਣ ਹੋਰ ਵੀ ਜ਼ਰੂਰੀ ਹੋ ਗਈ ਹੈ। ਮੰਤਰੀ ਨੇ ਇਸ ਬਾਰੇ ਖੁਲਾਸਾ ਨਹੀਂ ਕੀਤਾ ਕਿ ਆਖਰ ਜੇਲ੍ਹ ‘ਚ ਮਰੇ ਹੋਏ ਚੂਹੇ ਪਹੁੰਚਦੇ ਕਿਵੇਂ ਹਨ।

ਅਧਿਕਾਰੀਆਂ ਮੁਤਾਬਕ ਨਵੇਂ ਤਰੀਕਿਆਂ ਕਾਰਨ ਜੇਲ੍ਹਾਂ ‘ਚ ਨਸ਼ੇੜੀਆਂ ਦੀ ਗਿਣਤੀ ‘ਚ ਵੀ ਵਾਧਾ ਹੋਇਆ ਹੈ। ਜਿੱਥੇ ਪਿਛਲੇ ਸਾਲ 20% ਕੈਦੀਆਂ ਦੀ ਡਰੱਗ ਰਿਪੋਰਟ ਪੌਜ਼ਟਿਵ ਸੀ, ਉੱਥੇ ਹੀ ਹੁਣ ਇਹ ਗਿਣਤੀ 23% ਤਕ ਵਧ ਗਈ ਹੈ।