ਕੋਪਨਹੇਗਨ: ਡੈਨਮਾਰਕ ਦੇ ਸਭ ਤੋਂ ਅਮੀਰ ਆਦਮੀ ਐਂਡਰਸ ਹੋਲਚ ਪੋਵਲਸਨ ਤੇ ਉਸ ਦੀ ਪਤਨੀ ਇਸ ਸਮੇਂ ਗਹਿਰ ਸਦਮੇ ‘ਚ ਹਨ। ਉਨ੍ਹਾਂ ਨੇ ਸ੍ਰੀਲੰਕਾ ਦੇ ਈਸਟਰ ਸੰਡੇ ਅਟੈਕ ‘ਚ ਆਪਣੇ ਚਾਰ ਵਿੱਚੋਂ ਤਿੰਨ ਬੱਚਿਆਂ ਨੂੰ ਗਵਾ ਦਿੱਤਾ। ਸੋਮਵਾਰ ਨੂੰ ਪੋਵਲਸਨ ਦੀ ਫੈਸ਼ਨ ਫਰਮ ਦੇ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ।

ਬੁਲਾਰੇ ਨੇ ਇਸ ਬਾਰੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਡੈਨਿਸ਼ ਮੀਡੀਆ ਮੁਤਾਬਕ ਪੋਵਲਸਨ ਪਰਿਵਾਰ ਸ੍ਰੀਲੰਕਾ ‘ਚ ਛੁੱਟੀਆਂ ਮਨਾਉਣ ਗਿਆ ਸੀ। ਪੋਵਲਸਨ ਫੈਸ਼ਨ ਫਰਮ ਬੈਸਟਸੇਲਰ ਦੇ ਮਾਲਕ ਹਨ, ਜਿਸ ‘ਚ ਵੋਰਾ ਮੋਡਾ ਤੇ ਜੈਕ ਐਂਡ ਜੋਨਸ ਜਿਹੇ ਬ੍ਰਾਂਡ ਸ਼ਾਮਲ ਹਨ। ਇਸ ਤੋਂ ਇਲਾਵਾ ਐਂਡਰਸ ਹੋਲਚ ਪੋਵਲਸਨ ਦੀ ਜ਼ਾਲੈਂਡੋ ‘ਚ ਵੱਡੀ ਹਿੱਸੇਦਾਰੀ ਹੈ। ਉਹ ਆਨਲਾਈਨ ਰਿਟੇਲਰ ਅਸੋਸ ‘ਚ ਸਭ ਤੋਂ ਵੱਡੇ ਹਿੱਸੇਦਾਰ ਹਨ।

ਫੋਬਰਸ ਮੁਤਾਬਕ ਪੋਵਲਸਨ ਸਕਾਟਲੌਂਡ ‘ਚ ਇੱਕ ਫੀਸਦ ਤੋਂ ਜ਼ਿਆਦਾ ਜ਼ਮੀਨ ਦੇ ਮਾਲਕ ਹਨ। ਐਤਵਾਰ ਨੂੰ ਸ੍ਰੀਲੰਕਾ ‘ਚ ਅੱਠ ਵੱਖ-ਵੱਖ ਥਾਂਵਾਂ ‘ਤੇ ਧਮਾਕਿਆਂ ‘ਚ 290 ਲੋਕਾਂ ਦੀ ਮੌਤ ਤੇ 500 ਤੋਂ ਜ਼ਿਆਦਾ ਜ਼ਖ਼ਮੀ ਹੋਏ ਸੀ। ਜਿਨ੍ਹਾਂ ‘ਚ ਕੁਝ ਭਾਰਤੀ ਵੀ ਸ਼ਾਮਲ ਸੀ। ਧਮਾਕਿਆਂ ‘ਚ ਹੁਣ ਤਕ 24 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।