ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ 'ਤੇ ਲਗਾਤਾਰ ਇਲਜ਼ਾਮਬਾਜ਼ੀ ਕਰਦੇ ਆ ਰਹੇ ਹਨ। ਅਜਿਹੇ 'ਚ ਜਿੱਥੇ ਦੁਨੀਆਂ ਭਰ 'ਚ ਇਸ ਵੇਲੇ ਵੱਡਾ ਸਵਾਲ ਇਹ ਹੈ ਕਿ ਆਖ਼ਰ ਇਸ ਵਾਇਰਸ ਨਾਲ ਨਜਿੱਠਿਆ ਕਿਵੇਂ ਜਾਵੇ। ਉਸ ਦੌਰਾਨ ਵੀ ਟਰੰਪ ਨੂੰ ਆਪਣੇ ਅਹੁਦੇ ਦੀ ਲਾਲਸਾ ਸਤਾ ਰਹੀ ਹੈ। ਟਰੰਪ ਨੇ ਚੀਨ 'ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਚੀਨ ਜਿਸ ਤਰ੍ਹਾਂ ਕੋਰੋਨਾ ਸੰਕਟ ਨਾਲ ਨਜਿੱਠ ਰਿਹਾ ਹੈ, ਇਹ ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ ਚੀਨ ਚੋਣਾਂ 'ਚ ਮੈਨੂੰ ਹਰਾਉਣਾ ਚਾਹੁੰਦਾ ਹੈ।


ਓਵਲ ਆਫ਼ਿਸ 'ਚ ਦਿੱਤੇ ਇੰਟਰਵਿਊ ਚ ਟਰੰਪ ਨੇ ਕਿਹਾ ਵਾਇਰਸ ਪ੍ਰਤੀ ਚੀਨ ਦਾ ਜੋ ਰਵੱਈਆ ਹੈ, ਉਸ ਬਾਰੇ ਮੈਂ ਵੱਖ-ਵੱਖ ਨਤੀਜਿਆਂ 'ਤੇ ਵਿਚਾਰ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਬਹੁਤ ਕੁਝ ਕਰ ਸਕਦ ਹਾਂ। ਟਰੰਪ ਨੇ ਇਹ ਗੱਲ ਸਮਾਚਾਰ ਏਜੰਸੀ ਰਾਇਟਰਸ ਨੂੰ ਦਿੱਤੇ ਇੰਟਰਵਿਊ 'ਚ ਕਹੀ ਹੈ।


ਇਸ ਤੋਂ ਪਹਿਲਾਂ ਵੀ ਟਰੰਪ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਚੀਨ ਖ਼ਿਲਾਫ਼ ਭੜਾਸ ਕੱਢਦੇ ਰਹੇ ਹਨ। ਉਨ੍ਹਾਂ ਹਾਲ ਹੀ 'ਚ ਕਿਹਾ ਸੀ ਕਿ ਅਮਰੀਕਾ ਕੋਰੋਨਾ ਵਾਇਰਸ ਮਹਾਮਾਰੀ ਦੇ ਸਬੰਧ 'ਚ ਚੀਨ ਖ਼ਿਲਾਫ਼ ਬੇਹੱਦ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ।