ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕੌਮੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਵੱਲੋਂ ਫੰਡ ਲਈ ਪ੍ਰਵਾਨਗੀ ਨਾ ਦਿੱਤੇ ਜਾਣ ਕਾਰਨ ਇਹ ਐਮਰਜੈਂਸੀ ਐਲਾਨੀ ਗਈ ਹੈ। ਐਮਰਜੈਂਸੀ ਐਲਾਨਣ ਸਮੇਂ ਟਰੰਪ ਨੇ ਦਾਅਵਾ ਕੀਤਾ ਕਿ ਦੇਸ਼ ਨੂੰ ਘੁਸਪੈਠ ਤੋਂ ਬਚਾਉਣ ਲਈ ਇਹ ਕਦਮ ਲਾਜ਼ਮੀ ਹੈ।
ਟਰੰਪ ਦੀ ਇਸ ਕਾਰਵਾਈ 'ਤੇ ਡੈਮੋਕਰੈਟਾਂ ਨੇ ਇਸ ਨੂੰ ਅਮਰੀਕੀ ਸੰਵਿਧਾਨ ਦੀ ਉਲੰਘਣਾ ਕਰਾਰ ਦਿੰਦਿਆਂ ਚੁਣੌਤੀ ਦਾ ਫ਼ੈਸਲਾ ਲਿਆ ਹੈ। ਰਾਸ਼ਟਰਪਤੀ ਨੂੰ 1976 ਦੇ ਕਾਨੂੰਨ ਅਨੁਸਾਰ ਐਮਰਜੈਂਸੀ ਲਾਉਣ ਦਾ ਅਧਿਕਾਰ ਹਾਸਲ ਹੈ ਜਦਕਿ ਕਾਂਗਰਸ ਇਸ ਦਾ ਵਿਰੋਧ ਕਰ ਸਕਦੀ ਹੈ।
ਕਾਂਗਰਸ ਵੱਲੋਂ ਖ਼ਰਚੇ ਦੇ ਬਿੱਲ ਨੂੰ ਦਿੱਤੀ ਪ੍ਰਵਾਨਗੀ ’ਤੇ ਦਸਤਖ਼ਤ ਹੋਣ ਦੇ ਆਸਾਰ ਹਨ ਜਿਸ ਨਾਲ ਅੰਸ਼ਕ ਤੌਰ ’ਤੇ ਤਾਲਾਬੰਦੀ ਖ਼ਤਮ ਹੋ ਸਕਦੀ ਹੈ। ਰਾਸ਼ਟਰਪਤੀ ਦੇ ਇਸ ਕਦਮ ਨਾਲ ਕੇਂਦਰੀ ਖ਼ਜ਼ਾਨੇ 'ਤੇ ਅਰਬਾਂ ਡਾਲਰ ਜਾਰੀ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਮੈਕਸਿਕੋ ਨਾਲ ਲੱਗਦੀ ਸਰਹੱਦ ਰਾਹੀਂ ਵੱਡੀ ਗਿਣਤੀ ਵਿੱਚ ਪ੍ਰਵਾਸੀ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੁੰਦੇ ਹਨ ਤੇ ਰਾਸ਼ਟਰਪਤੀ ਮੁਤਾਬਕ ਉਹ ਦੇਸ਼ ਦੇ ਸੋਮਿਆਂ 'ਤੇ ਬੋਝ ਬਣਦੇ ਹਨ।