ਟਰੰਪ ਨੇ ਕਿਮ ਜੋਂਗ ਨਾਲ ਸਿੰਗਾਪੁਰ 'ਚ ਪ੍ਰਸਤਾਵਿਤ ਮੁਲਕਾਤ ਕੀਤੀ ਰੱਦ
ਏਬੀਪੀ ਸਾਂਝਾ | 25 May 2018 10:02 AM (IST)
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 12 ਜੂਨ ਨੂੰ ਸਿੰਗਾਪੁਰ ’ਚ ਉੱਤਰ ਕੋਰੀਆ ਦੇ ਲੀਡਰ ਕਿਮ ਜੌਂਗ ਉਨ ਨਾਲ ਪ੍ਰਸਤਾਵਿਤ ਬੈਠਕ ਰੱਦ ਕਰ ਦਿੱਤੀ। ਇਸ ਫ਼ੈਸਲੇ ਲਈ ਉਨ੍ਹਾਂ ਉੱਤਰ ਕੋਰੀਆ ਦੇ ਗੁੱਸੇ ਤੇ ਖੁੱਲ੍ਹੀ ਦੁਸ਼ਮਣੀ ਨੂੰ ਜ਼ਿੰਮੇਦਾਰ ਦੱਸਿਆ ਹੈ। ਟਰੰਪ ਦੇ ਐਲਾਨ ਤੋਂ ਕੁਝ ਸਮਾਂ ਪਹਿਲਾਂ ਉੱਤਰ ਕੋਰੀਆ ਨੇ ਕਥਿਤ ਤੌਰ ’ਤੇ ਆਪਣੇ ਪਰਮਾਣੂ ਪਰੀਖਣ ਸਥਾਨਾਂ ਨੂੰ ਠੱਪ ਕਰ ਦਿੱਤਾ ਸੀ। ਟਰੰਪ ਨੇ ਕਿਮ ਨੂੰ ਚਿੱਠੀ ਲਿਖੀ ਜਿਸ ਨੂੰ ਪ੍ਰੈੱਸ ਲਈ ਜਾਰੀ ਕੀਤਾ ਗਿਆ ਸੀ। ਟਰੰਪ ਨੇ ਕਿਮ ਜੌਂਗ ਨੂੰ ਆਪਣੀ ਚਿੱਠੀ ਵਿੱਚ ਕਿਹਾ ਕਿ ਉਹ ਇਸ ਸ਼ਿਖਰ ਵਾਰਤਾ ਹੋਣ ਕਰਕੇ ਕਾਫ਼ੀ ਉਤਸ਼ਾਹਿਤ ਸਨ ਪਰ ਉੱਤਰ ਕੋਰੀਆ ਦੇ ਹਾਲੀਆ ਬਿਆਨਾਂ ਵਿੱਚ ਦਿਖ ਰਹੇ ਜ਼ਬਰਦਸਤ ਗੁੱਸੇ ਤੇ ਦੁਸ਼ਮਣੀ ਕਰਕੇ ਲੰਮੇ ਸਮੇਂ ਤੋਂ ਪ੍ਰਸਤਾਵਿਤ ਸ਼ਿਖਰ ਵਾਰਤਾ ਲਈ ਇਹ ਸਮਾਂ ਠੀਕ ਨਹੀਂ ਹੈ। 24 ਮਈ ਨੂੰ ਲਿਖੀ ਗਈ ਇਸ ਚਿੱਠੀ ਵਿੱਚ ਟਰੰਪ ਨੇ ਕਿਹਾ ਕਿ ਉਹ ਇਸ ਚਿੱਠੀ ਨੂੰ ਇੱਕ ਸੰਦੇਸ਼ ਦੇ ਰੂਪ ਵਿੱਚ ਵੇਖਣ ਕਿ ਦੋਵਾਂ ਪੱਖਾਂ ਦੀ ਭਲਾਈ ਲਈ ਸਿੰਗਾਪੁਰ ਦੀ ਸ਼ਿਖਰ ਵਾਰਤਾ ਨਹੀਂ ਹੋਏਗੀ ਹਾਲਾਂਕਿ ਇਸ ਨਾਲ ਦੁਨੀਆ ਦਾ ਨੁਕਸਾਨ ਹੀ ਹੋਏਗਾ। ਰਾਸ਼ਟਰਪਤੀ ਟਰੰਪ ਨੇ ਕੋਰੀਆਈ ਲੀਡਰ ਨੂੰ ਸਾਫ਼ ਚੇਤਾਵਨੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਪਰਮਾਣੂ ਸਮਰਥਾ ਬਹੁਤ ਵੱਡੀ ਹੈ ਤੇ ਉਹ ਈਸ਼ਵਰ ਤੋਂ ਕਾਮਨਾ ਕਰਦੇ ਹਨ ਕਿ ਉਨ੍ਹਾਂ ਨੂੰ ਇਸ ਪਰਮਾਮੂ ਸ਼ਕਤੀ ਦੀ ਵਰਤੋਂ ਨਾ ਹੀ ਕਰਨਾ ਪਵੇ। ਦੋਵੇਂ ਲੀਡਰ ਇੱਕ ਦੂਜੇ ਖ਼ਿਲਾਫ਼ ਅਪਮਾਨਜਨਕ ਸ਼ਬਦਾਵਲੀ ਦਾ ਇਸਤੇਮਾਲ ਕਰ ਚੁੱਕੇ ਹਨ ਤੇ ਇੱਕ ਦੂਜੇ ਨੂੰ ਧਮਕੀਆਂ ਵੀ ਦੇ ਚੁੱਕੇ ਹਨ। ਦੋਵਾਂ ਦੇਸ਼ਾਂ ਵਿਚਾਲੇ ਇਹ ਸ਼ਿਖਰ ਵਾਰਤਾ ਹੁਣ ਤਕ ਦੀ ਪਹਿਲੀ ਬੈਠਕ ਹੋਣੀ ਸੀ।