ਵਾਸ਼ਿੰਗਟਨ: ਅਮਰੀਕੀ ਚੋਣਾਂ ਦੇ ਕਰੀਬ ਆਉਂਦਿਆਂ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਤੇ ਇਲਜ਼ਾਮਬਾਜ਼ੀਆਂ ਦਾ ਦੌਰ ਜਾਰੀ ਹੈ। 'ਦ ਅਟਲਾਂਟਿਕ' ਮੈਗਜ਼ੀਨ ਦੀ ਇੱਕ ਰਿਪੋਰਟ ਨੇ ਦਾਅਵਾ ਕੀਤਾ ਕਿ ਟਰੰਪ ਨੇ ਜੰਗ 'ਚ ਮਾਰੇ ਗਏ ਫੌਜੀਆਂ ਨੂੰ ਹਾਰੇ ਹੋਏ ਕਿਹਾ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਖਬਰ ਦਾ ਖੰਡਨ ਕੀਤਾ ਹੈ। ਟਰੰਪ ਨੇ ਕਿਹਾ 'ਜੰਗ ਦੇ ਸ਼ਹੀਦਾਂ ਬਾਰੇ ਉਨ੍ਹਾਂ ਦੀ ਕਥਿਤ ਟਿੱਪਣੀ ਨੂੰ ਲੈ ਕੇ ਖਬਰ ਝੂਠੀ ਕਹਾਣੀ ਹੈ।' ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਨੇ ਕਿਹਾ 'ਉਦਾਰਵਾਦੀ ਕਾਰਕੁਨ ਸਿਰਫ ਸਾਜ਼ਿਸ਼ਾਂ ਨਾਲ ਭਰੇ ਪ੍ਰਚਾਰ 'ਚ ਰੁਚੀ ਰੱਖਦੇ ਹਨ।'
'ਦ ਅਟਲਾਂਟਿਕ' ਮੈਗਜ਼ੀਨ 'ਚ ਛਪੀ ਖਬਰ ਬਾਰੇ ਟਰੰਪ ਨੇ ਵਾਈਟ ਹਾਊਸ ਦੇ ਓਵਲ ਦਫਤਰ 'ਚ ਕਿਹਾ, ਇਹ ਮੈਗਜ਼ੀਨ ਵੱਲੋਂ ਲਿਖੀ ਗਈ ਝੂਠੀ ਕਹਾਣੀ ਹੈ ਜੋ ਸ਼ਾਇਦ ਜ਼ਿਆਦਾ ਸਮਾਂ ਚੱਲਣ ਵਾਲੀ ਨਹੀਂ। ਇਹ ਕਹਾਣੀ ਪੂਰੀ ਤਰ੍ਹਾਂ ਝੂਠੀ ਸੀ। ਇਸ ਦੀ ਪੁਸ਼ਟੀ ਉਨ੍ਹਾਂ ਕਈ ਲੋਕਾਂ ਨੇ ਕੀਤੀ ਜੋ ਉੱਥੇ ਮੌਜੂਦ ਸਨ।
ਸਿਆਸੀ ਗਲਆਰਿਆਂ 'ਚ ਹਲਚਲ ਮਚਾਉਣ ਵਾਲੀ ਇਸ ਖਬਰ 'ਚ ਇਲਜ਼ਾਮ ਲਾਇਆ ਗਿਆ ਕਿ ਟਰੰਪ ਨੇ ਜੰਗ 'ਚ ਮਾਰੇ ਗਏ ਅਮਰੀਕੀਆਂ ਲਈ ਹਾਰੇ ਹੋਏ ਤੇ ਬੇਸਮਝ ਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ। ਮੈਗਜ਼ੀਨ 'ਚ ਛਪੀ ਖਬਰ 'ਚ ਕਿਹਾ ਗਿਆ ਕਿ ਟਰੰਪ ਨੇ ਕਈ ਮੌਕਿਆਂ 'ਤੇ ਅਮਰੀਕੀ ਫੌਜ ਦੇ ਬੰਧਕ ਬਣਾਏ ਗਏ ਜਾਂ ਮਾਰੇ ਗਏ ਜਵਾਨਾਂ ਲਈ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ।
ਖਬਰ ਮੁਤਾਬਕ ਉਨ੍ਹਾਂ ਸਾਲ 2018 'ਚ ਫਰਾਂਸ 'ਚ ਅਮਰੀਕੀ ਕਬਰਿਸਤਾਨ 'ਚ ਦਫਨਾਏ ਅਮਰੀਕੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਜਾਣ ਦਾ ਵਿਚਾਰ ਇਸ ਲਈ ਰੱਦ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਬਾਰਸ਼ ਕਾਰਨ ਉਨ੍ਹਾਂ ਦੇ ਵਾਲ ਬਿਖਰ ਜਾਣਗੇ। ਉਹ ਨਹੀਂ ਮੰਨਦੇ ਸਨ ਕਿ ਜੰਗ 'ਚ ਮਾਰੇ ਗਏ ਅਮਰੀਕੀਆਂ ਦਾ ਸਨਮਾਨ ਕਰਨਾ ਜ਼ਰੂਰੀ ਹੈ।
'ਦ ਅਟਲਾਂਟਿਕ' ਨੇ ਆਪਣੀ ਖਬਰ ਉਨ੍ਹਾਂ ਚਾਰ ਲੋਕਾਂ ਦੇ ਬਿਆਨ ਦੇ ਆਧਾਰ 'ਤੇ ਲਿਖੀ ਹੈ ਜਿੰਨ੍ਹਾਂ ਨੂੰ ਉਸ ਦਿਨ ਹੋਈ ਚਰਚਾ ਦੀ ਪੂਰੀ ਜਾਣਕਾਰੀ ਸੀ। ਮੈਗਜ਼ੀਨ ਮੁਤਾਬਕ ਇਸ ਦੌਰੇ 'ਚ ਟਰੰਪ ਨੇ ਪਹਿਲੇ ਵਿਸ਼ਵ ਯੁੱਧ 'ਚ ਜਾਨ ਗਵਾਉਣ ਵਾਲੇ 1800 ਜਲ ਸੈਨਿਕਾ ਲਈ 'ਨਾਸਮਝ' ਸ਼ਬਦ ਦਾ ਇਸਤੇਮਾਲ ਕੀਤਾ ਸੀ। ਇਹ ਖਬਰ ਛਪਣ ਤੋਂ ਬਾਅਦ ਟਰੰਪ ਦੇ ਸਿਆਸੀ ਵਰੋਧੀਆਂ ਨੇ ਉਨ੍ਹਾਂ ਤੋਂ ਮਾਫੀ ਦੀ ਮੰਗ ਕੀਤੀ ਹੈ। ਹਾਲਾਂਕਿ ਟਰੰਪ ਨੇ ਇਹ ਕਿਹਾ ਇਹ ਸਭ ਝੂਠ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ