ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡੇਨ ਹੋਣਗੇ। ਇਹ ਤੱਥ ਸਾਰੀ ਦੁਨੀਆ ਸਾਹਮਣੇ ਜਮਹੂਰੀ ਢੰਗ ਨਾਲ ਉਜਾਗਰ ਹੋ ਚੁੱਕਾ ਹੈ ਪਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਹਾਲੇ ਵੀ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ। ਪਰ ਉਨ੍ਹਾਂ ਕੋਲ ਹੁਣ ਸਿਰਫ਼ ਦੋ ਹੀ ਰਾਹ ਬਚੇ ਹਨ-ਇੱਕ ਤਾਂ ਉਹ ਆਪਣੇ-ਆਪ ਹੀ ਮਾਣਮੱਤੇ ਢੰਗ ਨਾਲ ਆਪਣੀ ਹਾਰ ਨੂੰ ਪ੍ਰਵਾਨ ਕਰ ਲੈਣ ਤੇ ਜੇ ਉਹ ਇੰਝ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਕੱਢਿਆ ਜਾਵੇਗਾ। ਚਾਰ ਦਿਨਾਂ ਦੀ ਸਖ਼ਤ ਮਿਹਨਤ ਨਾਲ ਹੋਈ ਵੋਟਾਂ ਦੀ ਗਿਣਤੀ ਤੋਂ ਬਾਅਦ ਜੋਅ ਬਾਇਡੇਨ ਦੀ ਜਿੱਤ ਦਾ ਐਲਾਨ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਟਰੰਪ ਹਾਲੇ ਵੀ ਹਾਰ ਨਹੀਂ ਮੰਨ ਰਹੇ। ਉਂਝ ਉਨ੍ਹਾਂ ਦੇ ਨੇੜਲੇ ਸਾਥੀ ਤੇ ਹੋਰ ਸਲਾਹਕਾਰ ਉਨ੍ਹਾਂ ਨੂੰ ਲਗਾਤਾਰ ਇਹੋ ਸਲਾਹ ਦੇ ਰਹੇ ਹਨ ਕਿ ਉਹ ਅਸਲੀਅਤ ਨੂੰ ਹੁਣ ਪ੍ਰਵਾਨ ਕਰ ਲੈਣ। ਕੁਝ ਸਹਿਯੋਗੀਆਂ ਦਾ ਇਹ ਵੀ ਮੰਨਣਾ ਹੈ ਕਿ ਟਰੰਪ ਆਪਣੇ ਸਮਰਥਕਾਂ ਦਾ ਮਨੋਬਲ ਉੱਚਾ ਰੱਖਣ ਲਈ ਵੀ ਅਜਿਹਾ ਸਟੈਂਡ ਲੈ ਰਹੇ ਹੋ ਸਕਦੇ ਹਨ ਤੇ ਇਹ ਵਿਖਾਉਣਾ ਚਾਹ ਰਹੇ ਹਨ ਕਿ ਹਾਰਨ ਦੇ ਬਾਵਜੂਦ ਉਹ ਹਾਲੇ ਵੀ ਲੜ ਰਹੇ ਹਨ। ਟਰੰਪ ਦੇ ਦੋਸਤ ਤੇ ਸਲਾਹਕਾਰ ਰੌਜਰ ਸਟੋਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਟਰੰਪ ਦੇ ਇਸ ਸਟੈਂਡ ਤੋਂ ਅੱਧੇ ਅਮਰੀਕਨ ਇਹੋ ਸੋਚਦੇ ਰਹਿਣਗੇ ਕਿ ਜੋਅ ਬਾਇਡੇਨ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਚੋਣ ਜਿੱਤੀ ਹੈ। ਸ਼ਾਇਦ ਇਸੇ ਲਈ ਡੋਨਾਲਡ ਟਰੰਪ ਦੀ ਰੀਪਬਲਿਕਨ ਪਾਰਟੀ ਦੇ ਕੁਝ ਅਹਿਮ ਆਗੂਆਂ ਨੇ ਵੀ ਉਨ੍ਹਾਂ ਨੂੰ ਹਾਲੇ ਆਪਣੇ ਸਟੈਂਡ ਉੱਤੇ ਅੜੇ ਰਹਿਣ ਦੀ ਸਲਾਹ ਦਿੱਤੀ ਹੈ।