ਵਾਸ਼ਿੰਗਟਨ: ਅਮਰੀਕਾ ਵੱਲੋਂ ਚੀਨ ਨਾਲ ਵਪਾਰ ਜੰਗ ਤੇ ਕੈਨੇਡਾ 'ਚ ਹੁਆਵੇ ਕੰਪਨੀ ਦੀ ਸੀਐਫਓ ਦੀ ਗ੍ਰਿਫ਼ਤਾਰੀ ਤੋਂ ਸ਼ੁਰੂ ਹੋਈ ਤਲਖ਼ੀ ਅਜੇ ਵੀ ਜਾਰੀ ਹੈ। ਦਰਅਸਲ, ਅਮਰੀਕਾ ਨੇ ਹੁਣ ਚੀਨੀ ਵਿਰੋਧ ਦੇ ਬਾਵਜੂਦ ਤਿੱਬਤ ਨੂੰ ਲੈ ਕੇ ਅਜਿਹਾ ਕਾਨੂੰਨ ਬਣਾਇਆ ਹੈ ਜਿਸ 'ਚ ਦੋਵਾਂ ਦੇਸ਼ਾਂ ਵਿੱਚ ਨਵੀਂ ਕੂਟਨੀਤਕ ਜੰਗ ਸ਼ੁਰੂ ਹੋ ਸਕਦੀ ਹੈ।
ਅਮਰੀਕਾ ਨੇ ਤਿੱਬਤ 'ਤੇ ਰੈਸੀਪ੍ਰੋਕਲ ਐਕਸੈਸ ਟੂ ਤਿੱਬਤ ਐਕਟ 2018 ਨਾਂ ਦਾ ਨਵਾਂ ਕਾਨੂੰਨ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਾਅਦ ਚੀਨੀ ਅਧਿਕਾਰ ਵਾਲੇ ਇਸ ਇਲਾਕੇ 'ਚ ਅਮਰੀਕੀ ਅਧਿਕਾਰੀਆਂ ਤੇ ਨਾਗਰਿਕਾਂ ਦੇ ਦਾਖ਼ਲੇ ਦਾ ਰਾਹ ਖੁੱਲ੍ਹ ਗਿਆ ਹੈ, ਜਿਸ ਦਾ ਚੀਨ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੱਬਤ ਬਾਰੇ ਇਸ ਵਿਵਾਦਤ ਬਿੱਲ 'ਤੇ ਦਸਤਖ਼ਤ ਕਰਕੇ ਉਸ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ। ਇਸ ਕਾਨੂੰਨ ਦੇ ਬਣਨ ਨਾਲ ਚੀਨ ਦੀ ਪ੍ਰੇਸ਼ਾਨੀ ਵਧੇਗੀ ਕਿਉਂਕਿ ਇਸ ਕਾਨੂੰਨ ਨਾਲ ਉਨ੍ਹਾਂ ਚੀਨੀ ਅਧਿਕਾਰੀਆਂ 'ਤੇ ਵੀਜ਼ਾ ਪਾਬੰਦੀ ਲਾਉਣ ਦਾ ਰਾਹ ਪੱਧਰਾ ਹੋ ਜਾਵੇਗਾ ਜੋ ਅਮਰੀਕੀ ਨਾਗਰਿਕਾਂ, ਅਧਿਕਾਰੀਆਂ ਤੇ ਪੱਤਰਕਾਰਾਂ ਨੂੰ ਤਿੱਬਤ ਦੇ ਅਧਿਆਤਮਕ ਗੁਰੂ ਦਲਾਈਲਾਮਾ ਦੇ ਗ੍ਰਹਿ ਖੇਤਰ 'ਚ ਜਾਣ ਦੀ ਆਗਿਆ ਨਹੀਂ ਦਿੰਦੇ।